Friday, July 20, 2018

ਜੰਡ

*ਜੰਡ*


ਜੰਡ ਦੇ ਰੁਖ ਦੀ ਪੂਜਾ ਸਦੀਆਂ ਤੋਂ ਹੁੰਦੀ ਆ ਰਹੀ ਹੈ ਇਸਦਾ ਜਿਕਰ ਰਮਾਇਣ ਤੇ ਮਹਾਂਭਾਰਤ ਵਿਚ ਆਉਂਦਾ ਹੈ। 1730 'ਚ ਜੋਧਪੁਰ ਦਾ ਰਾਜਾ ਜੰਡ ਦੇ ਰੁੱਖ ਕਟਣਾ ਚਾਹੁੰਦਾ ਸੀ ਪਰ ਬਿਸ਼ਨੋਈ ਭਾਈਚਾਰੇ ਦੇ ਵਿਰੋਧ ਕਰਨ ਤੇ ਉਸਦੇ  363 ਲੋਕਾਂ ਨੂੰ ਜਾਨ ਦੇਣੀ ਪਈ ਪਰ ਰੁੱਖ ਨਾ ਵਢਣ ਦਿਤੇ। ਪੀਲੂ ਸ਼ਾਹ ਦੀ ਰਚਨਾ ਵਿਚ ਜੰਡ ਦਾ ਵੇਰਵਾ ਆਉਂਦਾ ਹੈ। ਕੁਝ ਇਲਾਕਿਆਂ ਵਿਚ ਦੁਸਹਿਰੇ ਵਾਲੇ ਦਿਨ ਜੰਡ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਨੂੰ ਸਾੜਨ ਤੋਂ ਬਾਅਦ ਜੰਡ ਦੀ ਲੱਕੜ ਜਾਂ ਪੱਤੇ ਘਰ ਲਿਆਉਣ ਨੂੰ ਚੰਗਾ ਸਮਝਿਆ ਜਾਂਦਾ ਹੈ।


*ਵਹਿਮਾਂ ਭਰਮਾਂ ਦੇ ਚੱਕਰ ਵਿੱਚ ਜੰਡ ਨੂੰ ਵੱਢਣਾ*

ਪੰਜਾਬ ਵਿਚ ਕਈ ਜਗ੍ਹਾ ਬਰਾਤ ਚੜਨ ਤੋਂ ਪਹਿਲਾਂ ਲਾੜੇ ਕੋਲੋਂ ਕਿਰਪਾਨ ਨਾਲ ਜੰਡ ਵਢਾਈ ਜਾਂਦੀ ਹੈ। ਇਸਦਾ ਕਾਰਨ ਮਿਰਜੇ ਤੇ ਸਾਹਿਬਾਂ ਦੀ ਜੰਡ ਹੇਠ ਹੋਈ ਮੌਤ ਨੂੰ ਸਮਝਿਆ ਜਾਂਦਾ ਹੈ। ਲੋਕ ਜੰਡ ਨੂੰ ਪਿਆਰ ਦੇ ਰਸਤੇ ਵਿਚ ਰੁਕਾਵਟ ਸਮਝਦੇ ਹਨ। ਲੋਕ ਇਹ ਵੀ ਸਮਝਦੇ ਹਨ ਕਿ ਜੰਡ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ ਸੁਹਾਗਣਾਂ ਦੇ ਸੁਹਾਗ ਉਜਾੜਦਾ ਹੈ। ਇਸ ਤੋਂ ਇਲਾਵਾ ਡਾਕੂਆਂ ਵਲੋਂ ਰਾਹਾਂ ਵਿਚ ਡੋਲੀਆਂ ਲੁੱਟੀਆਂ ਜਾਂਦੀਆਂ ਸਨ ਜਿਸ ਕਰਕੇ ਲਾੜਾ ਹੱਥ ਵਿਚ ਤਲਵਾਰ ਲੈ ਕਿ ਜਾਂਦਾ ਸੀ। ਜੰਡ ਦੀ ਲਕੜ ਮਜਬੂਤ ਗਿਣੀ ਜਾਂਦੀ ਹੈ ਤੇ ਤਲਵਾਰ ਜੰਡ ਤੇ ਮਾਰ ਕੇ ਪਰਖੀ ਜਾਂਦੀ ਸੀ ਤਾਂ ਕਿ ਲੋੜ ਪੈਣ ਤੇ ਤਲਵਾਰ ਧੋਖਾ ਨਾ ਦੇ ਦੇਵੇ। ਪਰ ਅਜੇ ਵੀ ਕੁਝ ਥਾਵਾਂ ਤੇ ਲੋਕ ਜੰਡ ਨੂੰ ਵਹਿਮਾਂ ਭਰਮਾਂ ਦੇ ਚੱਕਰ ਵਿੱਚ
ਵਢਦੇ ਹਨ।
ਪੰਜਾਬ ਤੇ ਰਾਜਸਥਾਨ ਵਿਚ ਮੁੰਡਾ ਜੰਮਣ ਜਾਂ ਵਿਆਹ ਦੀ ਖੁਸ਼ੀ ਵਿਚ ਜੰਡ ਦੇ ਰੁਖ ਨੂੰ ਲੱਖਾਂ ਲੀਟਰ ਦੁੱਧ, ਲਸੀ, ਤੇਲ ਪਾਇਆ ਜਾਂਦਾ ਹੈ ਜਿਸ ਨਾਲ ਰੁੱਖ ਸੁੱਕ ਜਾਂਦੇ ਹਨ।

ਅੱਜ ਜ਼ਰੂਰਤ ਹੈ ਫਿਰ ਪੰਜਾਬ ਅੰਦਰ ਜੰਡ ਦੇ ਰੁੱਖ ਲਾਉਣ ਦੀ, ਕਿਉਂਕਿ ਇਸ ਰੁੱਖ ਨੂੰ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈ। ਲੱਗ ਵੀ ਜਲਦੀ ਜਾਂਦਾ ਹੈ। ਚਲੋ ਵਹਿਮਾਂ ਭਰਮਾਂ ਨੂੰ ਛੱਡ ਕੇ, ਇਸ ਸਾਉਣ ਦੇ ਮਹੀਨੇ ਵਿੱਚ ਜੰਡ ਦੇ ਰੁੱਖ ਲਾਈਏ ਤੇ ਪੰਜਾਬ ਨੂੰ ਹਰਾ ਭਰਾ ਬਣਾਈਏ।

Saturday, July 7, 2018

ਅਲੋਪ ਸ਼ਬਦ

ਆਉ ਤੁਹਾਨੂੰ ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਦੱਸੀਏ। ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ। ਅੱਜ ਇਹਨਾਂ ਦੀ ਅੰਗਰੇਜ਼ੀ ਸੁਣਕੇ ਤੁਹਾਨੂੰ ਵੀ ਵਧੀਆ ਲੱਗੇਗਾ।
ਜੂਤ ਪਤਾਣ - scufle with shoes,   ਲੁੱਚ ਘੜਿੱਚੀਆਂ- trickery, ਖੇਖਣ - pretence, ਫੱਫੇਕੁੱਟਣੀ- cunning, ਧਮੱਚੜ -frolic,  ਧੂਮਧੜੱਕਾ-bustle,  ਐਡਾ -so much of this,  ਐਵੇਂ -purposelessly ,  ਯੱਕੜ ਵੱਢਣਾ- gossip, ਹੱਥ ਪੜੱਥੀ- collectively,  ਹਰਲ ਹਰਲ -excited activity,  ਹਫੜਾ ਦਫੜੀ - stampede,  ਹੱਕਾ ਬੱਕਾ - taken aback, ਰੰਡੀ ਰੋਣਾ- constant whimpering,  ਵਿੰਗ ਤੜਿੰਗਾ- crooked,  ਵਿਰਲਾ ਵਾਂਝਾ-  exceptional,  ਲੰਡੀ ਬੁੱਚੀ -every tom,  ਲੱਲੂ ਪੰਜੂ- any tom,  ਲਾਹ ਪਾਹ ਕਰਨੀ- vituperate,  ਮੈਲੀ ਅੱਖ- lascivious look,  ਵਲਫੇਰ- pettifogery, ਲਾਗਾਬੰਨਾ-surroundings, ਨਵਾਂ ਨਕੋਰ -brand new,  ਗਿੱਦੜ ਭਬਕੀ - bluster,  ਕਾਵਾਂ ਰੌਲੀ - clamour, ਕਚਿਆਣ ਆਉਣੀ - feel nausea,  ਕੁਰਬਲ ਕੁਰਬਲ ਕਰਨਾ - to mill around,  ਕਾਣੋਂ - obliquity,  ਖੱਚ ਦੀ ਖੱਚ- meanest of the mean,  ਕੁੜ ਕੁੜ ਕਰਨੀ - to cackle,  ਫੋਕਾ ਡਰਾਵਾ - bluster, ਮਰਨੇ ਪਰਨੇ- customery social functions,  ਖੇਚਲ- inconvenience, ਫਾਨਾ - wedge,   ਫਰੋਲਾ ਫਰਾਲੀ - rummage, ਨਿੱਮੋਝੂਣਾ- crest fallen,  ਝਕਦੇ ਝਕਦੇ- reluctantly,  ਚੁਰੜ ਮੁਰੜ - crumpled,  ਕੱਚ ਘਰੜ - ill trained,  ਭੰਬਲਭੂਸੇ -bewilderment, ਕਚੀਚੀ ਵੱਟਣੀ - to gnash,  ਕਚੂਮਰ ਕੱਢਣਾ - crush thoroughly, ਝੂੰਗਾ -bonus,  ਚਿੱਬ ਖੜਿੱਬਾ- crooked,  ਚੱਪਾ ਕੁ - just a bit,  ਛਾਹ ਵੇਲਾ- break fast time, ਕੋੜਕੂ- odd fellow,  ਖੁੰਢ- uneven tree trunk,  ਖਰੇਪੜ- scale,  ਖੁਤਖੁਤੀ - tickle,  ਖਰੀਂਢ -scab,  ਤੰਗੜ - Orion's belt,  ਘੁਣਖਾਧਾ- worm eaten,  ਕੱਖ ਭਰ - very little, ਥੱਬੀ - pile,  ਥਹੀ ਲਾਉਣੀ - to pile up, ਦਬਕਾ- verbal threat,  ਝੱਟ ਟਪਾਉਣਾ -to scrape a living,  ਘਰਕਣਾ - pant,  ਅੱਧੋਰਾਣਾ- part worn, ਅੱਧੜਵੰਜਾ-Half naked, ਫਲਾਣਾ- such and such, ਫਲਾਣਾ-ਢਿਮਕਾ-dick or Harry,  ਆਹਰ ਪਾਹਰ- arrangements, ਆਂਢਾ ਸਾਂਢਾ -secret alliance, ਉੱਘੜ ਦੁੱਘੜ -helter skelter, ਉਤੋੜਿੱਤੀ-successively, ਉਧੇੜਬੁਣ-perplexity, ਉੂਭੜ ਖਾਭੜ-uneven, ਉੱਭੇ ਸਾਹੀਂ-sobbingly, ਉਰਲ-ਪਰਲ- odds and ends, ਉਰਲਾ ਪਰਲਾ-miscellaneous, ਉੱਲਰਨਾ-to lean, ਉੱਲੂ ਬਾਟਾ-silly, ਓਦਣ-on that day, ਉਵੇਂ-in that way, ਓਹੜ ਪੋਹੜ ਜਾਂ ਜੁਗਾੜ ਕਰਨਾ-unprofessional remedy, ਬੌਂਕੇ ਦਿਹਾੜੇ-hard times, ਬਚਿਆ ਖੁਚਿਆ-leftovers, ਪਾਂ ਪੈਣੀ-suppurate, ਕਿਆਰਾ - plot,  ਕੂਚੀ -soft brush, ਟਿੱਬਾ-mound,  ਟਿੱਬੀ-small dune, ਟੋਕਰਾ-wicker basket, ਟੋਕਰੀ-frail, ਟੋਕਾ-choper,  ਬੱਠਲ- trough, ਚੁਬੱਚਾ-masonary trough,  ਟਿੱਲਾ-hillock, ਬਨੇਰਾ -battlement, ਅੱਧ ਪਚੱਧ-nearly half, ਅਰੜਾਉਣਾ- to blubber, ਆਕੜਨਾ- to stifen, ਅਕੜੇਵਾਂ -uppishness, ਢਿੱਡਲ -pot bellied,  ਅਕਲ ਦਾ ਅੰਨਾ-  muddle headed,  ਲੱਠਾ -long cloth, ਘਚੋਲਣਾ - foul up,  ਮੱਥਾ ਠਣਕਣਾ -feel suspicion , ਫੌੜੀ -crutch, ਮਸਾਂ ਮਸਾਂ -With great difficulty,  ਹਮਾਤੜ- poor me,  ਹੰਘਾਲਣਾ- to ringe,  ਕਮਲ ਕੁੱਟਣਾ - to act foolishly,  ਕਿਰਕਿਰਾ- gritty, ਢਿੱਲੜ - sluggish, ਦਰੜਨਾ - crush, ਨਾਗਾ ਪਾਉਣਾ - omit a routine, ਧੂੰਆਂ ਧਾਰ ਭਾਸ਼ਣ -high flown speech, ਕਾਣੀ ਵੰਡ -mal distribution, ਵਾਂਢੇ ਜਾਣਾ -to go away,  ਪੰਡ- bale,  ਭਾਂਡਾ ਟੀਂਡਾ - kitchen ware, ਬਰੜਾਉਣਾ -mumble, ਬਿੰਦ ਝੱਟ -a short while,  ਬੁੱਕਲ ਮਾਰਨੀ - to wear a wrapper,  ਭਸੂੜੀ ਪਾਉਣੀ -to raise trouble, ਝੱਖੜ ਝੋਲਾ- rain storm,  ਟਾਵਾਂ ਟੱਲਾ - very few,  ਤਾਬੜਤੋੜ -willful force, ਰੇੜਕਾ -a long drown wrangle,  ਰੀਂ ਰੀਂ ਕਰਨਾ- whimper,  ਰੁੱਗ ਭਰਨਾ -clutch,  ਅੱਜ ਭਲਕ -any day now,  ਇੱਕਮਿੱਕ -completely united,  ਏਦੂੰ -from this,  ਸਣੇ- along with,  ਨੰਗ ਧੜੰਗਾ - stark naked,  ਦਗਦਗ ਕਰਦਾ -glimmering,  ਟਿੱਲ ਲਾਉਣਾ -try hard,  ਝਾਕਾ ਖੁਲਣਾ- to become familiar,  ਟਾਲ-ਮਟੋਲ -dilly dallying, ਘੁਸਮੁਸਾ- dusky,  ਘੁੱਪ ਹਨੇਰਾ -pitch dark,  ਝਰਨਾਟ-  quiver,  ਬੁੜਬੁੜਾਹਟ- mumbo-jumbo,  ਹਮਾਤੜ ਤੁਮਾਤੜ ਵਰਗੇ - the likes of us, ਬੂੰਡਾ ਚੁੱਕੀ ਫਿਰਨਾ -to cock around,  ਜਵਾਂ ਹੌਲੀ- dead slow.😊ਇਸ ਤਰਾਂ ਦੇ ਅਨੇਕਾਂ ਹੀ ਸ਼ਬਦ ਅਪਣੀ ਦੇਸੀ ਪਰ ਪਿਆਰੀ ਪੰਜਾਬੀ ਬੋਲੀ ਦੇ ਸ਼ਬਦ ਅੱਜਕਲ ਹੋਰ ਭਾਸ਼ਾਵਾਂ ਦੇ ਪ੍ਰਭਾਵ ਕਰਕੇ ਅਲੋਪ ਹੁੰਦੇ ਜਾ ਰਹੇ ਹਨ। ਜੇ ਤੁਹਾਡੇ ਘਰ ਕਾਨਵੈਂਟ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਹਨ ਤਾਂ ਅਜਿਹੇ ਸ਼ਬਦਾਂ ਦੇ ਉਹਨਾਂ ਤੋਂ ਅਰਥ ਪੁੱਛੋ। ਫਿਰ ਦੇਖਣਾ ਕਿ ਉਹ  ਕਿੰਨਿਆਂ ਕੁ ਅਪਣੇ ਖਾਨਦਾਨੀ ਸ਼ਬਦਾਂ ਤੋਂ ਜਾਣੂੰ ਹਨ। ਜੇ ਤੁਸੀਂ ਵੀ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਅਪਣੇ ਬੱਚਿਆਂ ਨੂੰ ਵੀ ਅਜਿਹੇ ਰਵਾਇਤੀ ਤੇ ਅਸਲ ਠੇਠ ਪੰਜਾਬੀ ਦੇ ਸ਼ਬਦ ਜ਼ਰੂਰ ਸਿਖਾਉ। ਅੱਜ ਦੇ ਮਾਡਰਨ ਛੋਟੇ ਬੱਚਿਆਂ ਦੇ ਮੂੰਹੋਂ ਅਪਣੇ ਬਜ਼ੁਰਗਾਂ ਵਾਲੀ ਦੇਸੀ ਪੰਜਾਬੀ ਤੁਹਾਨੂੰ ਵੀ ਬਹੁਤ ਪਿਆਰੀ ਲੱਗੇਗੀ।
ਡਾ ਬਲਰਾਜ ਬੈਂਸ

Monday, June 25, 2018

ਕਲਾਤਮਿਕ ਰੁਚੀ
ਡਾ. ਦਵਿੰਦਰ ਸੈਫ਼ੀ

1 ਭਾਸ਼ਾਗਤ ਬੁੱਧੀ
Linguistic intelligence
(Word smart)

2 ਤਾਰਕਿਕ ਗਣਿਤਕ ਬੁੱਧੀ
Logical-mathematical intelligence
(Number smart)

3 ਦ੍ਰਿਸ਼ਤੀਗਤ ਸਪੇਸਗਤ ਬੁੱਧੀ
Spatial intelligence
Picture smart

4 ਸੰਗੀਤਕ ਰੁਚੀ
Musical intelligence
(Music smart)

5 ਸਰੀਰਗਤ  ਬੁੱਧੀ
Bodily-Kinesthetic intelligence
(Body smart)

6 ਤਾਲਮੇਲ ਬੁੱਧੀ
Interpersonal intelligence
(People smart)

7 ਸਵੇਮੁਖੀ ਬੁੱਧੀ
Interpersonal intelligence
(Self smart)

8 ਪਾਕ੍ਰਿਤੀ ਬੁੱਧੀ
Naturalistic intelligence
(Nature smart)

Friday, March 9, 2018

ਊੜਾ


ਊੜਾ
ਪੰਜਾਬੀ ਪੈਂਤੀ ਦਾ ਪਹਿਲਾ ਅੱਖਰ ਹੈ।
ਇਸ ਨੂੰ ਬੋਲਣ ਸਮੇਂ ਹੋਠਾਂ ਤੋਂ ਕੰਮ ਲਿਆ ਜਾਂਦਾ ਹੈ।
 ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ। ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।

Monday, February 19, 2018

ਪੱਤਰ ਲਿਖਣ ਦੀ ਤਕਨੀਕ

*ਪੱਤਰ ਲਿਖਣ ਦੀ ਤਕਨੀਕ*

ਅੱਜ ਦੇ ਸਮੇਂ ਵਿਚ ਪੱਤਰ ਲਿਖਣਾ ਬੜਾ ਮਹੱਤਵਪੂਰਨ ਪਹਿਲੂ ਹੈ। ਅੱਛੇ ਪੱਤਰ ਲਿਖਣ ਵੇਲੇ ਜਿਹੜੀਆਂ ਗੱਲਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਉਹ ਹੇਠਾਂ ਲਿਖੇ ਹਨ:

1. ਪੱਤਰ ਦੀ ਭਾਸ਼ਾ ਸ਼ੁਧ, ਸਪਸ਼ਟ ਤੇ ਸੌਖੀ ਹੋਣੀ ਚਾਹੀਦੀ ਹੈ।

2. ਪੱਤਰ ਵਿਚ ਗੈਰ ਜਰੂਰੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

3. ਪੱਤਰ ਵਿਚ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ਭਾਵ ਇਹ ਕਿ ਜਿਹੜੀਆਂ ਗੱਲਾਂ ਪਹਿਲਾਂ ਕਰਨੀਆਂ ਚਾਹੀਦੀਆਂ ਹਨ; ਉਹ ਪਹਿਲਾਂ ਹੋਣ ਅਤੇ ਜਿਹੜੀਆਂ ਗੱਲਾਂ ਮਗਰੋਂ ਹੋਣੀਆਂ ਚਾਹੀਦੀਆਂ ਹਨ ਉਹ ਬਾਅਦ ਵਿਚ ਹੀ ਲਿਖਣੀਆਂ ਚਾਹੀਦੀਆਂ ਹਨ।

4. ਇਕ ਪੈਰੇ ਵਿਚ ਇਕ ਹੀ ਗੱਲ ਕਰਨੀ ਚਾਹੀਦੀ ਹੈ।

5. ਪੱਤਰ ਦਾ ਆਰੰਭ ਅਤੇ ਅੰਤ ਪੱਤਰ ਦੇ ਅਨੁਰੂਪ ਹੋਣਾ ਚਾਹੀਦਾ ਹੈ।

6. ਪੱਤਰ ਵਿਚ ਕੱਟ-ਵੱਢ ਨਹੀਂ ਹੋਣੀ ਚਾਹੀਦੀ। ਵਿਰਾਮ ਚਿੰਨ੍ਹਾਂ ਦੀ ਉਚਿਤ ਵਰਤੋਂ ਹੋਣੀ ਚਾਹੀਦੀ ਹੈ। ਚੰਗੇ ਅਤੇ ਸਾਫ ਕਾਗਜ਼ ਉਪਰ ਲਿਖੀ ਚਿੱਠੀ ਵਧੇਰੇ ਪ੍ਰਭਾਵ ਪਾਉਂਦੀ ਹੈ।


*ਪੱਤਰ ਦੀਆਂ ਕਿਸਮਾਂ: *

ਆਮ ਤੌਰ ਤੇ ਪੱਤਰ ਦੋ ਤਰੀਕੇ ਦੇ ਹੁੰਦੇ ਹਨ:-
1. ਉਪਚਾਰਿਕ ਜਾਂ ਸਮਾਜਿਕ ਪੱਤਰ

2. ਅਣਉਪਚਾਰਿਕ ਜਾਂ ਵਿਅਕਤੀਗਤ ਪੱਤਰ

*ਉਪਚਾਰਿਕ ਪੱਤਰ:*
ਉਪਚਾਰਿਕ ਪੱਤਰਾਂ ਦੇ ਅੰਤਰਗਤ ਵਪਾਰਕ ਚਿੱਠੀਆਂ, ਪ੍ਰਿੰਸੀਪਲ ਨੂੰ ਪੱਤਰ, ਖਾਲੀ ਅਸਾਮੀਆਂ ਲਈ ਨੌਕਰੀ ਪੱਤਰ ਅਤੇ ਸੰਪਾਦਕ ਨੂੰ ਲੋਕ-ਹਿੱਤ ਵਿਚ ਲਿਖੇ ਪੱਤਰ ਹੁੰਦੇ ਹਨ ਜਿਨ੍ਹਾਂ ਅਧੀਨ ਸ਼ਿਕਾਇਤੀ ਪੱਤਰ ਵੀ ਆ ਜਾਂਦੇ ਹਨ।

*ਅਣਉਪਚਾਰਿਕ ਪੱਤਰ: *
ਇਸ ਅਧੀਨ ਪਿਤਾ ਨੂੰ, ਮਾਤਾ ਨੂੰ, ਚਾਚੇ ਨੂੰ, ਭਰਾ ਨੂੰ, ਭੈਣ ਨੂੰ, ਪੁੱਤਰ-ਧੀ ਨੂੰ, ਭਤੀਜੇ-ਭਤੀਜੀ ਨੂੰ, ਸਾਰੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ, ਪ੍ਰੇਮੀ-ਪ੍ਰਮਿਕਾਵਾਂ ਨੂੰ ਲਿਖੇ ਪੱਤਰ ਆਉਂਦੇ ਹਨ।

ਪੱਤਰ ਲਿਖਦਿਆਂ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ:
1. ਭੇਜਣ ਵਾਲੇ ਦਾ ਪਤਾ
2. ਪੱਤਰ ਲਿਖਣ ਦੀ ਮਿਤੀ
3. ਸੰਬੋਧਨ-ਸੂਚਕ ਸ਼ਬਦ
4. ਪੱਤਰ ਲਿਖਣ ਦਾ ਵਿਸ਼ਾ
5. ਅੰਤ

1. ਪੱਤਰ ਸਾਫ, ਸਰਲ, ਸਪਸ਼ਟ ਅਤੇ ਸਿੱਧੀ ਭਾਸ਼ਾ ਲਿੱਖੋ। ਵੱਡੇ-ਵੱਡੇ ਵਾਕ ਨਾ ਲਿਖੋ।

2. ਪੱਤਰ ਲਿਖਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿ ਕੀ-ਕੀ ਲਿਖਣਾ ਹੈ। ਸਾਰੀਆਂ ਗੱਲਾਂ ਨੂੰ ਸਿਲਸਿਲੇਵਾਰ ਲਿਖਣਾ ਚਾਹੀਦਾ ਹੈ।

3. ਸ਼ਬਦ ਅਤੇ ਅੱਖਰ ਸਾਫ-ਸਾਫ ਲਿਖੇ ਜਾਣੇ ਚਾਹੀਦੇ ਹਨ।
ਕੱਟ-ਵੱਢ ਨਹੀਂ ਹੋਣੀ ਚਾਹੀਦੀ ਤਾਂ ਜੋ ਪੜ੍ਹਨ ਵਾਲੇ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।

ਪੱਤਰ ਲਿਖਣ ਨੂੰ ਅਸੀਂ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿਚ ਵੰਡ ਸਕਦੇ ਹਾਂ:

1 ਵਿਅਕਤੀਗਤ ਪੱਤਰ
2. ਵਪਾਰਕ ਪੱਤਰ
3. ਦਫ਼ਤਰੀ ਪੱਤਰ

ਵਿਅਕਤੀਗਤ ਪੱਤਰ ਆਮ ਤੌਰ ਤੇ ਦੋਸਤਾਂ,ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲੇ ਵਿਅਕਤੀਆਂ ਨੂੰ ਵਪਾਰ ਸੰਬੰਧੀ ਹੀ ਲਿਖੇ ਜਾਂਦੇ ਹਨ। ਦਫਤਰੀ ਪੱਤਰ ਸਰਕਾਰੀ ਅਤੇ ਗੈਰ-ਸਰਕਾਰੀ ਕਰਮਚਾਰੀਆਂ ਨੂੰ ਕੰਮ-ਕਾਜ ਸੰਬੰਧੀ ਲਿਖੇ ਜਾਂਦੇ ਹਨ। ਇਹਨਾਂ ਤਿੰਨਾਂ ਕਿਸਮ ਦੇ ਪੱਤਰਾਂ ਲਈ ਹੇਠਾਂ ਲਿਖੀਆਂ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ:
1. ਲਿਖਣ ਵਾਲੇ ਦਾ ਪਤਾ ਅਤੇ ਮਿਤੀ।
2. ਜਿਸਨੂੰ ਪੱਤਰ ਲਿਖਿਆ ਜਾਵੇ ਉਸਨੂੰ ਕਿਸ ਤਰ੍ਹਾਂ ਸੰਬੋਧਿਤ ਕਰਨਾ ਹੈ।
3. ਸੰਦੇਸ਼: ਪੱਤਰ ਦਾ ਪੂਰਾ ਮਕਸਦ
4. ਸਾਰਾਂਸ਼: ਪੱਤਰ ਦੇ ਅਖੀਰੀ ਸ਼ਬਦ
5. ਦਸਤਖ਼ਤ: ਲੇਖਕ ਦੇ ਦਸਤਖ਼ਤ
6. ਪਤਾ: ਪੱਤਰ ਪ੍ਰਾਪਤ ਕਰਨ ਵਾਲੇ ਦਾ ਪੂਰਾ ਪਤਾ

ਸੰਬੋਧਨ ਕਰਨ ਦਾ ਤਰੀਕਾ
1. *ਪਰਿਵਾਰ ਦੇ ਮੈਂਬਰਾਂ ਲਈ :* ਮਾਣਯੋਗ ਮਾਤਾ ਜੀ , ਮਾਣਯੋਗ ਪਿਤਾ ਜੀ
ਪਿਆਰੇ ਭਰਾ ਜੀ , ਪਿਆਰੇ ਭੈਣ ਜੀ
ਮਾਣਯੋਗ ਚਾਚਾ ਜੀ , ਮਾਣਯੋਗ ਚਾਚੀ ਜੀ

2. *ਦੋਸਤਾਂ ਨੂੰ* : ਪਿਆਰੇ ਦੋਸਤ ਨਰਿੰਦਰ ਸਿੰਘ
ਪਿਆਰੀ ਸਹੇਲੀ ਵਰਿੰਦਰਜੀਤ

3. *ਵਪਾਰੀਆਂ ਨੂੰ :* ਸ੍ਰੀਮਾਨ ਜੀ , ਸ੍ਰੀਮਤੀ ਜੀ

4. *ਅਨਜਾਣ ਵਿਅਕਤੀ ਨੂੰ :* ਸ੍ਰੀਮਾਨ ਜੀ , ਸ੍ਰੀਮਤੀ ਜੀ।

*ਅਖੀਰਲੇ ਸ਼ਬਦ*
1. ਰਿਸ਼ਤੇਦਾਰਾਂ ਅਤੇ ਨਜਦੀਕੀ ਦੋਸਤਾਂ ਨੂੰ : ਤੁਹਾਡਾ ਪਿਆਰਾ ਸਪੁੱਤਰ
ਤੁਹਾਡੀ ਪਿਆਰੀ ਸਪੁੱਤਰੀ
ਤੁਹਾਡਾ ਪਿਆਰਾ ਭਰਾ
ਤੁਹਾਡੀ ਪਿਆਰੀ ਭੈਣ
ਤੇਰਾ ਪਿਅਰਾ ਦੋਸਤ
ਤੇਰੀ ਪਿਆਰੀ ਸਹੇਲੀ

2. ਅਫ਼ਸਰਾਂ ਨੂੰ :
ਤੁਹਾਡਾ ਆਗਿਆਕਾਰੀ
ਤੁਹਾਡਾ ਸ਼ੁਭ ਚਿੰਤਕ
ਤੁਹਾਡਾ ਵਿਸ਼ਵਾਸ ਪਾਤਰ

3. ਅਨਜਾਣ ਵਿਅਕਤੀਆਂ ਨੂੰ : ਤੁਹਾਡਾ।
 
*ਵਪਾਰਕ ਪੱਤਰਾਂ ਦੇ ਗੁਣ*

1. *ਸਪੱਸ਼ਟਤਾ :*
ਸਪਸ਼ਟਤਾ ਤੋਂ ਭਾਵ ਇਹ ਪੱਤਰ ਦੀ ਭਾਸ਼ਾ ਸਰਲ ਹੋਵੇ ਅਤੇ ਐਨੀ ਸੌਖੀ ਹੋਵੇ ਕਿ ਪੱਤਰ ਪੜ੍ਹਨ ਵਾਲੇ ਨੂੰ ਪੱਤਰ ਦੇ ਅਰਥ ਜਾਣਨ ਲਈ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪੱਤਰ ਵਿਚ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਕਿ ਅਰਥ ਜਾਣਨ ਲਈ ਪੜ੍ਹਨ ਵਾਲੇ ਨੂੰ ਕਿਸੇ ਦੂਜੇ ਤੋਂ ਜਾਂ ਕੌਸ਼ ਤੋਂ ਮਦਦ ਲੈਣੀ ਪਵੇ ਕਿਉਂਕਿ ਵਪਾਰੀ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦਾ ਹੈ।
2. *ਸੰਪੂਰਨਤਾ :*
ਵਪਾਰਕ ਪੱਤਰ ਪੂਰੀ ਤਰ੍ਹਾਂ ਸੰਪੂਰਨ ਹੋਣਾ ਚਾਹੀਦਾ ਹੈ। ਪੱਤਰ ਪੜ੍ਹਨ ਵਾਲੇ ਨੂੰ ਪੱਤਰ ਪੜ੍ਹਨ ਵਾਲੇ ਦੀਆਂ ਭਾਵਨਾਵਾਂ ਵੀ ਸਮਝ ਆ ਜਾਣੀਆਂ ਚਾਹੀਦੀਆਂ ਹਨ। ਜੇ ਤੁਸੀਂ ਪੱਤਰ ਰਾਹੀਂ ਮਾਲ ਮੰਗਵਾਉਣਾ ਹੈ ਤਾਂ ਤੁਹਾਨੂੰ ਆਪਣੇ ਪੱਤਰ ਵਿਚ ਮਾਲ ਦੀ ਕਿਸਮ, ਉਸਦੇ ਮੁੱਲ ਅਤੇ ਸਮਾਨ ਪਹੁੰਚਣ ਦੀ ਤਾਰੀਖ਼ ਜ਼ਰੂਰ ਲਿਖਣੀ ਚਾਹੀਦੀ ਹੈ।
3. *ਦੋਸ਼ ਰਹਿਤ ਪੱਤਰ : *
ਯਥਾਰਥਕ ਤੌਰ ਤੇ ਉਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ ਜਿਹਨਾਂ ਦੀ ਵਪਾਰਕ ਪੱਤਰ ਵਿਚ ਲੋੜ ਹੈ। ਵਪਾਰੀ ਨੂੰ ਦੋਸ਼ ਭਰੀ ਚਿੱਠੀ ਨਹੀਂ ਲਿਖਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਪਾਰੀ ਦਾ ਤੇ ਤੁਹਾਡਾ ਸਮਾਂ ਬਰਬਾਦ ਹੁੰਦਾ ਹੈ।
4. *ਨਿਮਰਤਾ : *
ਵਪਾਰਕ ਪੱਤਰ ਨਿਮਰਤਾ ਸਾਹਿਤ ਹੋਣਾ ਚਾਹੀਦਾ ਹੈ। ਵਪਾਰਕ ਪੱਤਰ ਵਿਚ ਕਦੀ ਵੀ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਗਾਹਕਾਂ ਦੀ ਗਲਤੀ ਨੂੰ ਵੀ ਨਰਮ ਸ਼ਬਦਾਂ ਵਿਚ ਹੀ ਜਾਹਿਰ ਕਰਨਾ ਚਾਹੀਦਾ ਹੈ। ਸਖ਼ਤ ਸ਼ਬਦ ਵਪਾਰ ਦੇ ਪਤਨ ਦਾ ਕਾਰਨ ਹੁੰਦੇ ਹਨ। ਉਸੇ ਤਰ੍ਹਾਂ ਨਰਮ ਸ਼ਬਦ ਵਪਾਰ ਦੀ ਉਨਤੀ ਨੂੰ ਵਧਾਉਂਦੇ ਹਨ।
5. *ਸੰਖੇਪਤਾ :*
ਵਪਾਰਕ ਪੱਤਰ ਲੰਬੇ ਚੌੜੇ ਨਹੀਂ ਹੋਣੇ ਚਾਹੀਦੇ ਕਿਉਂਕਿ ਸਮੇਂ ਦੀ ਘਾਟ ਕਾਰਨ ਵਪਾਰੀ ਲੰਬੇ ਪੱਤਰ ਪੜ੍ਹਨਾ ਪਸੰਦ ਨਹੀਂ ਕਰਦੇ। ਪੱਤਰ ਜਿੰਨਾ ਲੰਬਾ ਹੋਵੇਗਾ ਉਤਨੀ ਹੀ ਪੜ੍ਹਨ ਵਿਚ ਪਰੇਸ਼ਾਨੀ ਹੋਵੇਗੀ। ਨਿਕੰਮੀਆਂ ਗੱਲਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੁੰਦਾ ਹੈ।
6. *ਪ੍ਰਭਾਵਸ਼ਾਲੀ :*
ਪੱਤਰ ਦੀ ਭਾਸ਼ਾ ਐਸੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਕਿ ਪੜ੍ਹਨ ਵਾਲਾ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ। ਉਸ ਲਈ ਜ਼ਰੂਰੀ ਹੈ ਕਿ ਪੱਤਰ ਦੇ ਸ਼ਬਦ ਸਹੀ ਤਰੀਕੇ ਨਾਲ ਚੁਣੇ ਹੋਏ ਅਤੇ ਉਚਿਤ ਹੋਣ।

*ਵਪਾਰਕ ਪੱਤਰ ਦੇ ਹਿੱਸੇ*
ਪਤਾ, ਪੱਤਰ ਦੇ ਉਪਰ ਖੱਬੇ ਪਾਸੇ ਲਿਖਿਆ ਹੋਣਾ ਚਾਹੀਦਾ ਹੈ। ਇਸ ਨੂੰ ਹੇਠਾਂ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ :

1. *ਦੁਕਾਨ ਜਾਂ ਸੰਸਥਾ ਦਾ ਨਾਮ: *
ਦੁਕਾਨ ਜਾਂ ਸੰਸਥਾ ਦਾ ਨਾਮ ਪੱਤਰ ਉਪਰ ਖੱਬੇ ਪਾਸੇ ਲਿਖਿਆ ਹੁੰਦਾ ਹੈ।

2. *ਸਥਾਨ ਅਤੇ ਮਿਤੀ:*
ਸਥਾਨ ਜਾਂ ਮਿਤੀ ਵੀ ਪੱਤਰ ਦੇ ਖੱਬੇ ਪਾਸੇ ਲਿਖਿਆ ਹੁੰਦਾ ਹੈ।

3. *ਆਦਰ ਸੂਚਕ ਸ਼ਬਦ:*
ਇਸ ਵਿਚ ਸ੍ਰੀਮਾਨ, ਸ੍ਰੀਮਾਨ ਜੀ, ਸ੍ਰੀਮਤੀ, ਸ੍ਰੀਮਤੀ ਜੀ ਆਦਿ ਸ਼ਬਦ ਲਿਖੀਦੇ ਹਨ।

6. *ਪੱਤਰ ਦਾ ਵਿਸ਼ਾ:*
ਇਹ ਪੱਤਰ ਦਾ ਬੜਾ ਜ਼ਰੂਰੀ ਹਿੱਸਾ ਹੁੰਦਾ ਹੈ ਕਿਉਂਕਿ ਇਸ ਵਿਚ ਵਪਾਰੀ ਬਹੁਤੀਆਂ ਗੱਲਾਂ ਕਹਿੰਦਾ ਹੈ। ਇਸ ਲਈ ਹਰ ਪਹਿਰੇ ਵਿਚ ਇਕ-ਇਕ ਗੱਲ ਕਹਿਣੀ ਚਾਹੀਦੀ ਹੈ।

7. *ਅਖ਼ੀਰਲੇ ਆਦਰ ਸੂਚਕ ਸ਼ਬਦ:*
ਤੁਹਾਡਾ, ਤੁਹਾਡਾ ਸ਼ੁਭ ਚਿੰਤਕ, ਤੁਹਾਡਾ ਵਿਸ਼ਵਾਸ ਪਾਤਰ ਆਦਿ ਲਿਖਦੇ ਹਾਂ।

*ਡਾਕੀਏ ਦੇ ਵਿਰੁੱਧ ਸ਼ਕਾਇਤੀ ਪੱਤਰ* 
 
ਸੇਵਾ ਵਿਖੇ

ਪੋਸਟ ਮਾਸਟਰ
ਜਨਕ ਪੁਰੀ
ਨਵੀਂ ਦਿੱਲੀ-110058
ਸ੍ਰੀਮਾਨ ਜੀ,
ਮੈਂ ਆਪ ਦਾ ਧਿਆਨ ਆਪਣੇ ਇਲਾਕੇ ਦੇ ਡਾਕੀਏ ਦੀ ਲਾਪਰਵਾਹੀ ਵੱਲ ਦਿਵਾਉਣਾ ਚਾਹੁੰਦਾ ਹਾਂ। ਪਿਛਲੇ ਕੁਝ ਹਫਤਿਆਂ ਤੋਂ ਉਹ ਮੇਰੀਆਂ ਚਿੱਠੀਆਂ ਗਲੀ ਵਿਚ ਖੇਡਦੇ ਬੱਚਿਆਂ ਦੇ ਹੱਥਾਂ ਵਿਚ ਦੇ ਦਿੰਦਾ ਹੈ ਜਾਂ ਦੂਸਰੇ ਘਰਾਂ ਵਿਚ ਸੁੱਟ ਜਾਂਦਾ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਮੇਰੇ ਦਰਵਾਜੇ ਤੱਕ ਆ ਕੇ ਡਾਕ ਕਿਉਂ ਨਹੀਂ ਦੇਂਦਾ।
ਮੈਨੂੰ ਚਿੱਠੀਆਂ ਦੇਰ ਨਾਲ ਵੀ ਮਿਲਦੀਆਂ ਹਨ। ਸੋ ਕ੍ਰਿਪਾ ਕਰ ਕੇ ਤੁਸੀਂ ਡਾਕੀਏ ਨੂੰ ਹਿਦਾਇਤ ਕਰੋ ਕਿ ਉਹ ਆਪਣੀ ਡਿਊਟੀ ਜਿੰਮੇਵਾਰੀ ਅਤੇ ਗੰਭੀਰਤਾ ਨਾਲ ਕਰੇ।
ਆਪ ਦਾ ਅਤਿ ਧੰਨਵਾਦੀ ਹੋਵਾਂਗਾ।
ਤੁਹਾਡਾ,


*ਸਿੱਖਿਆ-ਨਿਰਦੇਸ਼ਕ ਨੂੰ ਨੌਕਰੀ ਲਈ ਪ੍ਰਾਰਥਨਾ ਪੱਤਰ*

ਸੇਵਾ ਵਿਖੇ,

ਸਿੱਖਿਆ ਨਿਰਦੇਸ਼ਕ,
ਪੁਰਾਣਾ ਸਕਤਰੇਤ
ਨਵੀਂ ਦਿੱਲੀ
22 ਜੂਨ, 2009
ਮਾਣਯੋਗ,
ਸਨਿਮਰ ਬੇਨਤੀ ਹੈ ਕਿ ਪਿਛਲੇ ਹਫਤੇ ਦੇ ਰੋਜਗਾਰ ਸਮਾਚਾਰ ਵਿਚ ਛੱਪੇ ਇਸ਼ਤਿਹਾਰ ਰਾਹੀਂ ਮੈਨੂੰ ਪਤਾ ਲੱਗਾ ਹੈ ਕਿ ਆਪ ਦੇ ਵਿਭਾਗ ਵਿਚ ਕੁਝ ਅਧਿਆਪਕਾਂ ਦੀਆਂ ਅਸਾਮੀਆਂ ਹਨ।ਮੈਂ ਆਪਣੇ ਆਪ ਨੂੰ ਇਸ ਆਸਾਮੀ ਲਈ ਯੋਗ ਸਮਝਦਿਆਂ ਅਰਜੀ ਭੇਜ ਰਿਹਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੇ ਮੈਨੂੰ ਚੁਣਿਆ ਗਿਆ ਤਾਂ ਸੰਤੋਖ ਜਨਕ ਸੇਵਾ ਪ੍ਰਦਾਨ ਕਰਾਂਗਾ।
ਮੇਰੀਆਂ ਵਿਦਿਅਕ ਯੋਗਤਾਵਾਂ ਤੇ ਸੇਵਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਨਾਮ: ਦਲਜੀਤ ਸਿੰਘ
ਉਮਰ: 25 ਸਾਲ
ਵਿਦਿਅਕ ਯੋਗਤਾ: ਐਮ.ਏ., ਐਮ.ਐਡ.
ਤਜੁਰਬਾ: ਪਿਛਲੇ ਦੋ ਸਾਲਾਂ ਤੋਂ ਮੈਂ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾ ਰਿਹਾ ਹਾਂ। 

ਆਪ ਦੇ ਉਤਰ ਦੀ ਉਡੀਕ ਵਿੱਚ

ਨਾਮ ਪਤਾ

*ਟੈਲੀਫੋਨ ਖ਼ਰਾਬ ਹੋਣ ਦੀ ਸ਼ਿਕਾਇਤ।*

ਸੇਵਾ ਵਿਖੇ,

ਸਬ ਡਵੀਜਨਲ ਅਧਿਕਾਰੀ,
ਮਹਾਂਨਗਰ ਟੈਲੀਫੋਨ ਨਿਗਮ ਲਿਮਟਿਡ,
ਸ਼ਕਤੀ ਨਗਰ, ਦਿੱਲੀ
20-2-2018
ਵਿਸ਼ਾ: ਟੈਲੀਫੋਨ ਖ਼ਰਾਬ ਦੀ ਸ਼ਿਕਾਇਤ
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸ਼ਕਤੀ ਨਗਰ ਇਲਾਕੇ ਵਿਚ ਟੈਲੀਫੋਨ ਖ਼ਰਾਬ ਰਹਿਣ ਦੀ ਸ਼ਿਕਾਇਤ ਰੋਜ਼ ਮਰ੍ਹਾ ਜਿੰਦਗੀ ਲਈ ਸਮੱਸਿਆ ਬਣ ਗਈ ਹੈ। ਇਲਾਕੇ ਦੇ ਅੱਧੇ ਤੋਂ ਵੱਧ ਟੈਲੀਫੋਨ ਖ਼ਰਾਬ ਹੀ ਰਹਿੰਦੇ ਹਨ। ਜੇ ਉਹ ਕੰਮ ਕਰਦੇ ਹਨ ਤਾਂ ਹਮੇਸ਼ਾ ਗਲਤ ਨੰਬਰ ਮਿਲਦਾ ਹੈ। ਇਸ ਨਾਲ ਸਾਡਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ।
ਸੋ ਆਪ ਨੂੰ ਬੇਨਤੀ ਹੈ ਕਿ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖੋ। ਟੈਲੀਫੋਨ ਉਪਭੋਗਤਾਵਾਂ ਨੂੰ ਹੋਣ ਵਾਲੀ ਪਰੇਸ਼ਾਨੀ ਤੋਂ ਬਚਾਉਣ ਲਈ ਅਤੇ ਸੇਵਾ ਠੀਕ ਤਰੀਕੇ ਨਾਲ ਦਿਵਾਉਣ ਲਈ ਜਰੂਰੀ ਕਦਮ ਚੁੱਕੋ। ਆਪ ਦੇ ਧੰਨਵਾਦੀ ਹੋਵਾਂਗੇ।
ਬੇਨਤੀਕਾਰ,
ਅਮਰਜੀਤ ਸਿੰਘ, ਅਤੇ
ਇਲਾਕੇ ਦੇ ਹੋਰ ਨਿਵਾਸੀ
ਸ਼ਕਤੀ ਨਗਰ, ਦਿੱਲੀ।

*ਮੁਹੱਲੇ ਵਿਚ ਗੰਦਗੀ ਫੈਲਣ ਬਾਰੇ ਸ਼ਿਕਾਇਤ ਪੱਤਰ ਲਿਖੋ*

ਸੇਵਾ ਵਿਖੇ

ਮੁੱਖ ਅਧਿਕਾਰੀ
ਨਗਰ ਨਿਗਮ,
ਦਿੱਲੀ।
ਵਿਸ਼ਾ: ਮੁਹੱਲੇ ਵਿਚ ਗੰਦਗੀ ਫੈਲਣ ਬਾਰੇ ਸ਼ਿਕਾਇਤ।
ਸ੍ਰੀਮਾਨ ਜੀ,
ਆਪ ਦੀ ਸੇਵਾ ਵਿਚ ਬੇਨਤੀ ਹੈ ਕਿ ਮੈਂ ਸ਼ਾਹਦਰਾ ਇਲਾਕੇ ਦਾ ਨਿਵਾਸੀ ਹਾਂ।ਸਾਡੇ ਇਲਾਕੇ ਦੀ ਸੰਘਣੀ ਅਬਾਦੀ ਹੈ ਅਤੇ ਗਲੀਆਂ ਭੀੜੀਆਂ ਹਨ। ਇਥੇ ਸਫਾਈ ਕਰਮਚਾਰੀ ਸਫਾਈ ਕਰਨ ਲਈ ਨਹੀਂ ਆਉਂਦੇ। ਸੀਵਰ ਦੇ ਪਾਈਪ ਵੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਗੰਦਾ ਪਾਣੀ ਸੜਕਾਂ ਤੇ ਗਲੀਆਂ ਵਿਚ ਫੈਲਦਾ ਰਹਿੰਦਾ ਹੈ। ਨਾਲੀਆਂ ਵੀ ਗੰਦ ਨਾਲ ਭਰੀਆਂ ਰਹਿੰਦੀਆਂ ਹਨ।
ਸੋ ਮੈਂ ਇਲਾਕਾ ਨਿਵਾਸੀਆਂ ਵੱਲੋਂ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰ ਕੇ ਯੋਗ ਕਾਰਵਾਈ ਕੀਤੀ ਜਾਵੇ।
ਆਪ ਦੇ ਧੰਨਵਾਦੀ ਹੋਵਾਂਗੇ।

ਇਲਾਕਾ ਨਿਵਾਸੀ,
ਓ ਆ ੲ

*ਬੈਂਕ ਤੋਂ ਕਰਜੇ ਲਈ ਬੇਨਤੀ ਪੱਤਰ*

ਸੇਵਾ ਵਿਖੇ

ਮੈਨੇਜਰ,ਸਾਹਿਬ,
ਪੰਜਾਬ ਐਂਡ ਸਿੰਧ ਬੈਂਕ,
ਨਹਿਰੂ ਪਲੇਸ,
ਨਵੀਂ ਦਿੱਲੀ।
ਮਾਣਯੋਗ,
ਤੁਹਾਡੀ ਜਾਣਕਾਰੀ ਲਈ ਮੈਨੂੰ ਇਹ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡਾ ਕਾਰੋਬਾਰ ਇਸ ਵੇਲੇ ਬੜਾ ਵਧੀਆ ਚਲ ਰਿਹਾ ਹੈ। ਸਾਡੇ ਮਾਲ ਦੀ ਵਿਦੇਸ਼ਾਂ ਵਿਚ ਮੰਗ ਦਿਨੋਂ ਦਿਨ ਵਧ ਰਹੀ ਹੈ। ਇਸ ਲਈ ਸਾਨੂੰ ਵੀ ਆਪਣਾ ਉਤਪਾਦਨ ਤੇਜੀ ਨਾਲ ਵਧਾਉਣਾ ਪੈ ਰਿਹਾ ਹੈ। ਇਸ ਲਈ ਮੇਨੂੰ ਤੁਹਾਡੇ ਵਲੋਂ ਆਰਥਕ ਮਦਦ ਦੀ ਲੋੜ ਪੈ ਰਹੀ ਹੈ।
ਸੋ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸਾਡੇ ਉਤਪਾਦਨ ਦੀ ਲਾਗਤ ਦਾ ਅੱਧਾ ਕਰਜ਼ਾ ਤੁਹਾਡੇ ਬੈਂਕ ਵਲੋਂ ਦਿੱਤਾ ਜਾਵੇ। ਇਹ ਰਕਮ ਲਗਭਗ 25 ਲੱਖ ਰੁਪਏ ਦੀ ਹੋਵੇਗੀ।
ਆਪ ਵਲੋਂ ਛੇਤੀ ਸਕਰਾਤਮਕ ਉੱਤਰ ਦੀ ਉਡੀਕ ਰਹੇਗੀ। ਕਿਰਪਾ ਕਰਕੇ ਇਸ ਬਾਰੇ ਬੈਂਕ ਦੀਆਂ ਸੇਵਾਵਾਂ ਤੇ ਖ਼ਰਚੇ ਆਦਿ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਦੀ ਖੇਚਲ ਕਰਨੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਆਪ ਦਾ ਬਿਨੈਕਾਰ

*ਹਸਪਤਾਲ ਦੇ ਕਰਮਚਾਰੀਆਂ ਦੇ ਭੈੜੇ ਰਵੱਈਏ ਦੀ ਸ਼ਿਕਾਇਤ*

ਸੇਵਾ ਵਿਖੇ,

ਸੰਪਾਦਕ ਜੀ,
ਹਿੰਦੋਸਤਾਨ ਟਾਈਮ,
ਨਵੀਂ ਦਿੱਲੀ-110001

ਵਿਸ਼ਾ: ਹਸਪਤਾਲ ਦੇ ਕਰਮਚਾਰੀਆਂ ਦਾ ਮਰੀਜਾਂ ਪ੍ਰਤੀ ਭੈੜਾ ਰਵੱਈਆ।

ਸ੍ਰੀ ਮਾਨ ਜੀ,
ਮੈਂ ਆਪ ਦੀ ਅਖ਼ਬਾਰ ਰਾਹੀਂ 'ਸਫਦਰਜੰਗ ਹਸਪਤਾਲ' ਦੇ ਉਚ-ਸ਼੍ਰੇਣੀ ਅਫਸਰਾਂ ਦਾ ਧਿਆਨ ਇਸ ਗੱਲ ਵਲ ਦਿਵਾਉਣਾ ਚਾਹੁੰਦਾ ਹਾਂ ਕਿ ਹਸਪਤਾਲ ਦੇ ਕਰਮਚਾਰੀ ਮਰੀਜ਼ਾਂ ਪ੍ਰਤੀ ਭੈੜਾ ਰਵੱਈਆ ਰੱਖਦੇ ਹਨ। ਇਥੇ ਜਿੰਦਗੀ ਬਚਾਉਣ ਵਾਲੀਆਂ ਦਵਾਈਆਂ ਦੀ ਹਮੇਸ਼ਾ ਘਾਟ ਹੀ ਰਹਿੰਦੀ ਹੈ।
ਕਲ ਜਦੋਂ ਮੈਂ ਹਸਪਤਾਲ ਗਿਆ ਤਾਂ ਸਟੋਰ ਕੀਪਰ ਇਕ ਮਰੀਜ ਨੂੰ ਡਾਂਟ ਰਿਹਾ ਸੀ। ਉਸਨੂੰ ਖਾਂਸੀ ਦੀ ਦਵਾਈ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ, ਜਦੋਂ ਕਿ ਉਹ ਦਵਾਈ ਸਟੋਰ ਵਿਚ ਪਈ ਨਜ਼ਰ ਆ ਰਹੀ ਸੀ। ਡਾਕਟਰ ਆਪਣੀ ਡਿਊਟੀ ਸਮੇਂ ਨਰਸਾਂ ਨਾਲ ਗੱਲਾਂ ਕਰ ਰਿਹਾ ਸੀ ਅਤੇ ਮਰੀਜ ਡਾਕਟਰ ਦੀ ਉਡੀਕ ਵਿਚ ਖੜੇ ਸਨ।

ਡਾਕਟਰਾਂ ਅਤੇ ਹਸਪਤਾਲ ਦੇ ਦੂਜੇ ਕਰਮਚਾਰੀਆਂ ਦੀ ਲਾਪ੍ਰਵਾਹੀ ਅਤੇ ਦੇਰ ਹੋਣ ਕਾਰਨ ਕਈ ਵਾਰੀ ਮਰੀਜਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਇਸ ਤਰ੍ਹਾਂ ਦੇ ਨੁਕਸਾਨ ਨਾ-ਕਾਬਿਲੇ ਬਰਦਾਸ਼ਤ ਹਨ।
ਮੈਂ ਆਪਨੂੰ ਬੇਨਤੀ ਕਰਦਾ ਹਾਂ ਕਿ ਡਾਕਟਰ ਅਤੇ ਹਸਪਤਾਲ ਦੇ ਕਰਮਚਾਰੀਆਂ ਖ਼ਿਲਾਫ਼ ਇਨਕੁਆਰੀ ਕਰਨ ਦੀ ਥਾਂ ਅਚਾਨਕ ਸਰਵੇਖਣ ਕਰਕੇ ਕਰਮਚਾਰੀਆਂ ਨੂੰ ਉਹਨਾਂ ਦੇ ਫਰਜਾਂ ਪ੍ਰਤੀ ਜਾਗਰੂਕ ਕੀਤਾ ਜਾਵੇ।
ਧੰਨਵਾਦ

ਆਪ ਦਾ ਵਿਸ਼ਵਾਸ਼ਪਾਤਰ,
ਹਰਬਖ਼ਸ਼ ਸਿੰਘ ਖਜੂਰੀਆ


*ਅਖ਼ਬਾਰ ਦੇ ਸੰਪਾਦਕ ਨੂੰ ਮਹੱਲੇ ਵਿਚ ਪਾਣੀ ਦੀ ਕਿੱਲਤ ਬਾਰੇ ਸ਼ਿਕਾਇਤੀ ਪੱਤਰ*

ਸੇਵਾ ਵਿਖੇ,

ਸੰਪਾਦਕ ਜੀ,
ਨਿਊ ਹਿੰਦੋਸਤਾਨ ਟਾਈਮ,
ਨਵੀਂ ਦਿੱਲੀ-110002

ਵਿਸ਼ਾ: ਫਤਹਿ ਨਗਰ ਇਲਾਕੇ ਵਿਚ ਪਾਣੀ ਦੀ ਕਿੱਲਤ ਬਾਰੇ।

ਸ੍ਰੀਮਾਨ ਜੀ,
ਤੁਹਾਡੀ ਅਖ਼ਬਾਰ ਦੇ ਸ਼ਿਕਾਇਤੀ ਕਾਲਮ ਰਾਹੀਂ ਮੈਂ ਫਤਹਿ ਨਗਰ ਦੇ ਜਲ ਬੋਰਡ ਦਾ ਧਿਆਨ ਇਲਾਕੇ ਵਿਚ ਹੋ ਰਹੀ ਪਾਣੀ ਦੀ ਕਿੱਲਤ ਵੱਲ ਦੁਆਉਣਾ ਚਾਹੁੰਦਾ ਹਾਂ।
ਬੜੀ ਹੈਰਾਨੀ ਦੀ ਗੱਲ ਹੈ ਕਿ ਫਤਹਿ ਨਗਰ ਦੇ ਇਲਾਕਾ ਨਿਵਾਸੀਆਂ ਨੂੰ ਇਥੋਂ ਦਾ ਜਲ ਬੋਰਡ ਪਾਣੀ ਮੁਹੱਈਆ ਕਰਾਉਣ ਵਿਚ ਨਾਕਾਮਯਾਬ ਹੋ ਰਿਹਾ ਹੈ। ਸਾਡੇ ਇਲਾਕੇ ਵਿਚ ਸਵੇਰੇ-ਸ਼ਾਮ ਇੱਕ-ਇੱਕ ਘੰਟਾ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਬਾਕੀ ਸਾਰਾ ਦਿਨ ਨਲਕੇ ਸੁੱਕੇ ਹੀ ਰਹਿੰਦੇ ਹਨ।
ਸੰਬੰਧਿਤ ਅਫਸਰਾਂ ਨੂੰ ਕਈ ਵਾਰੀ ਸ਼ਿਕਾਇਤ ਕੀਤੀ ਹੈ ਪਰ ਕਦੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ।
ਉਮੀਦ ਕਰਦੇ ਹਾਂ ਕਿ ਉਚ-ਅਧਿਕਾਰੀ ਨੀਂਦਰ ਵਿਚੋਂ ਜਾਗਣਗੇ ਅਤੇ ਪਾਣੀ ਦੀ ਕਿਸਮ ਤੇ ਸਪਲਾਈ ਵਿਚ ਸੁਧਾਰ ਲਿਆਉਣਗੇ।
ਜਲ ਬੋਰਡ ਦੇ ਅਫਸਰਾਂ ਵਲੋਂ ਯੋਗ ਕਾਰਵਾਈ ਦੀ ਉਡੀਕ ਵਿਚ।   

ਤੁਹਾਡਾ ਇਕ ਪਾਠਕ
ਇਲਾਕਾ ਨਿਵਾਸੀ

Sunday, February 18, 2018

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ..
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥
बिरहा बिरहा आखीऐ बिरहा तू सुलतानु ॥
फरीदा जितु तनि बिरहु न ऊपजै सो तनु जाणु मसानु ॥
ਵਿਛੋੜੇ ਵਾਲਾ ਦੁੱਖ ਹਰ ਇੱਕ ‘ਤੇ ਰਾਜੇ ਵਾਂਗ ਰਾਜ ਕਰਦਾ ਹੈ ।ਜਿਸ ਸਰੀਰ ਨੂੰ ਪਿਆਰ ਦੇ ਵਿਛੋੜੇ ਵਾਲਾ ਇਹ ਦੁੱਖ ਨਾ ਲਗਿਆ ਹੋਵੇ ਸਮਝੋ ਉਹ ਸਰੀਰ ਕਿਸੇ ਕਬਰ ਵਾਂਗ ਹੀ ਹੈ।
Many talk of the pain and suffering of separation; O pain, you are the ruler of all.
Fareed, that body, within which love does not well up - look upon that body as a cremation ground. ||

Saturday, February 17, 2018

ਵਿਸਮਿਕ

*ਵਿਸਮਿਕ*

ਕਿਸੇ ਨੂੰ ਬੁਲਾਉਣ ਜਾਂ ਦਿਲ ਦੇ ਭਾਵ ਖੁਸ਼ੀ, ਗਮੀ, ਹੈਰਾਨੀ ਆਦਿ ਪ੍ਰਗਟ ਕਰਨ ਲਈ ਆਪ ਮੁਹਾਰੇ ਨਿਕਲੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ, ਜਿਵੇਂ: ਓਏ !, ਹਾਇ !, ਆਦਿ।

ਵਿਸਮਿਕ ਦਸ ਤਰ੍ਹਾਂ ਦੇ ਹੁੰਦੇ ਹਨ:

1. *ਸੰਬੋਧਨੀ ਵਿਸਮਿਕ :* ਸੰਬੋਧਨੀ ਵਿਸਮਿਕ ਉਹ ਹੁੰਦੇ ਹਨ ਜਿਹੜੇ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਣ। ਉਦਾਹਰਣ ਦੇ ਤੌਰ ਤੇ- ਓਏ !, ਹੇ !, ਨੀਂ!, ਬੀਬਾ!, ਵੇ! ਆਦਿ।

2. *ਪ੍ਰਸ਼ੰਸਾਵਾਚਕ ਵਿਸਮਿਕ:* ਪ੍ਰਸ਼ੰਸਾਵਾਚਕ ਵਿਸਮਿਕ ਉਹ ਹੁੰਦੇ ਹਨ ਜੋ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ, ਉਦਾਹਰਣ ਦੇ ਤੌਰ ਤੇ - ਆਹਾ!। ਸ਼ਾਬਾਸ਼!, ਸ਼ਾਲਾ!, ਖੂਬ!, ਧੰਨ!, ਅੱਛਾ!, ਬੱਲੇ!,  ਵਾਹ! ਆਦਿ।

3. *ਸ਼ੋਕਵਾਚਕ ਵਿਸਮਿਕ:* ਸ਼ੋਕਵਾਚਕ ਵਿਸਮਿਕ ਉਹ ਹੁੰਦੇ ਹਨ ਜੋ ਮਨ ਦਾ ਦੁੱਖ ਪ੍ਰਗਟਾਉਣ ਲਈ ਵਰਤੇ ਜਾਣ, ਜਿਵੇਂ: ਓਫ਼!, ਉਹੋ!, ਉਈ!, ਆਹ!, ਹਾਏ!, ਹਾਇ ਓਏ!, ਹਾਇ ਰੱਬਾ!, ਹਾਏ ਮਾਂ!, ਤੋਬਾ! ਆਦਿ।

4. *ਹੈਰਾਨੀ ਵਾਚਕ ਵਿਸਮਿਕ:* ਹੈਰਾਨੀਵਾਚਕ ਵਿਸਮਿਕ ਉਹ ਹੁੰਦੇ ਹਨ ਜੋ ਹੈਰਾਨੀ ਦਾ ਪ੍ਰਗਟਾਵਾ ਕਰਨ, ਜਿਵੇਂ: ਹੈਂ!, ਹਲਾ!, ਵਾਹ ਭਈ ਵਾਹ!, ਬੱਲੇ ਬੱਲੇ! ਆਦਿ।

5. *ਫਿਟਕਾਰ ਵਾਚਕ ਵਿਸਮਿਕ:* ਜੋ ਲਾਹਨਤ ਦੇ ਭਾਵਾਂ ਨੂੰ ਪ੍ਰਗਟ ਕਰਨ ਉਹ ਫਿਟਕਾਰ ਵਾਚਕ ਵਿਸਮਿਕ ਹੁੰਦੇ ਹਨ ਜਿਵੇਂ:ਦੁਰ!, ਧਿਕਾਰ!, ਫਿੱਟੇ ਮੂੰਹ !, ਬੇਸ਼ਰਮ!, ਰੱਬ ਦੀ ਮਾਰ ਪਵੇ!, ਲੱਖ ਲਾਹਨਤ! ਆਦਿ।

6. *ਸਤਿਕਾਰ ਵਾਚਕ ਵਿਸਮਿਕ:* ਜੋ ਕਿਸੇ ਲਈ ਆਦਰ-ਸਤਿਕਾਰ ਦੇ ਭਾਵਾਂ ਨੂੰ ਪ੍ਰਗਟਾਉਣ ਉਹ ਸਤਿਕਾਰ ਵਾਚਕ ਵਿਸਮਿਕ ਹੁੰਦੇ ਹਨ, ਉਦਾਹਰਣ ਦੇ ਤੌਰ 'ਤੇ ਆਓ ਜੀ!, ਜੀ ਆਇਆਂ!, ਆਵੋ ਜੀ!, ਧੰਨ ਭਾਗ!, ਕੀੜੀ ਘਰ ਭਗਵਾਨ! ਆਦਿ।

7. *ਅਸੀਸ ਵਾਚਕ ਵਿਸਮਿਕ:* ਕਿਸੇ ਲਈ ਅਸ਼ੀਰਵਾਦ ਦੇ ਭਾਵਾਂ ਨੂੰ ਪ੍ਰਗਟ ਕਰਨ ਉਹ ਅਸੀਸ ਵਾਚਕ ਵਿਸਮਿਕ ਹੁੰਦੇ ਹਨ, ਜਿਵੇਂ: ਸਾਈਂ ਜੀਵੇ!, ਖੁਸ਼ ਰਹੋ!, ਜੀਉਂਦੇ ਰਹੋ!, ਜੁਆਨੀਆਂ ਮਾਣੇਂ!, ਠੰਡੀ ਵਾ ਆਵੇ!, ਬੁੱਢ ਸੁਹਾਗਣ ਹੋਵੇਂ!, ਤੇਰਾ ਭਲਾ ਹੋਵੇ!, ਵਧੇਂ ਫੁੱਲੇਂ! ਆਦਿ।

8. *ਇੱਛਿਆ ਵਾਚਕ ਵਿਸਮਿਕ:* ਜੋ ਮਨ ਦੀ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਣ ਉਹ ਇੱਛਿਆ ਵਾਚਕ ਵਿਸਮਿਕ ਹੁੰਦੇ ਹਨ। ਉਦਾਹਰਣ ਵਜੋਂ: ਹੇ ਦਾਤਾ!, ਹੇ ਰੱਬਾ!, ਕਾਸ਼!, ਬਖ਼ਸ਼ ਲੈ!, ਆਦਿ।

9. *ਸੂਚਨਾ ਵਾਚਕ ਵਿਸਮਿਕ:* ਜੋ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਣ, ਉਹ ਸੂਚਨਾ ਵਾਚਕ ਵਿਸਮਿਕ ਹੁੰਦੇ ਹਨ, ਉਦਾਹਰਣ ਵਜੋਂ: ਸੁਣੋ!, ਹਟ ਜਾਓ!, ਹੈਂ!, ਖ਼ਬਰਦਾਰ!, ਠਹਿਰੋ!, ਵੇਖਣਾ!, ਵੇਖਿਓ! ਆਦਿ।

10.  *ਖੁਸ਼ੀ ਵਾਚਕ ਵਿਸਮਿਕ :* ਜਿਹੜੇ ਸ਼ਬਦ ਮਨ ਦੀ ਖੁਸ਼ੀ ਪ੍ਰਗਟ ਕਰਨ ਲਈ ਵਰਤੇ ਜਾਣ, ਉਹਨਾਂ ਨੂੰ ਖੁਸ਼ੀ ਵਾਚਕ ਵਿਸਮਿਕ ਆਖਦੇ ਹਨ। ਜਿਵੇਂ :  ਵਾਹ ਵਾ!, ਆਹਾ!, ਧੰਨ! ਆਦਿ।