Saturday, February 17, 2018

ਵਿਸਮਿਕ

*ਵਿਸਮਿਕ*

ਕਿਸੇ ਨੂੰ ਬੁਲਾਉਣ ਜਾਂ ਦਿਲ ਦੇ ਭਾਵ ਖੁਸ਼ੀ, ਗਮੀ, ਹੈਰਾਨੀ ਆਦਿ ਪ੍ਰਗਟ ਕਰਨ ਲਈ ਆਪ ਮੁਹਾਰੇ ਨਿਕਲੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ, ਜਿਵੇਂ: ਓਏ !, ਹਾਇ !, ਆਦਿ।

ਵਿਸਮਿਕ ਦਸ ਤਰ੍ਹਾਂ ਦੇ ਹੁੰਦੇ ਹਨ:

1. *ਸੰਬੋਧਨੀ ਵਿਸਮਿਕ :* ਸੰਬੋਧਨੀ ਵਿਸਮਿਕ ਉਹ ਹੁੰਦੇ ਹਨ ਜਿਹੜੇ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਣ। ਉਦਾਹਰਣ ਦੇ ਤੌਰ ਤੇ- ਓਏ !, ਹੇ !, ਨੀਂ!, ਬੀਬਾ!, ਵੇ! ਆਦਿ।

2. *ਪ੍ਰਸ਼ੰਸਾਵਾਚਕ ਵਿਸਮਿਕ:* ਪ੍ਰਸ਼ੰਸਾਵਾਚਕ ਵਿਸਮਿਕ ਉਹ ਹੁੰਦੇ ਹਨ ਜੋ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ, ਉਦਾਹਰਣ ਦੇ ਤੌਰ ਤੇ - ਆਹਾ!। ਸ਼ਾਬਾਸ਼!, ਸ਼ਾਲਾ!, ਖੂਬ!, ਧੰਨ!, ਅੱਛਾ!, ਬੱਲੇ!,  ਵਾਹ! ਆਦਿ।

3. *ਸ਼ੋਕਵਾਚਕ ਵਿਸਮਿਕ:* ਸ਼ੋਕਵਾਚਕ ਵਿਸਮਿਕ ਉਹ ਹੁੰਦੇ ਹਨ ਜੋ ਮਨ ਦਾ ਦੁੱਖ ਪ੍ਰਗਟਾਉਣ ਲਈ ਵਰਤੇ ਜਾਣ, ਜਿਵੇਂ: ਓਫ਼!, ਉਹੋ!, ਉਈ!, ਆਹ!, ਹਾਏ!, ਹਾਇ ਓਏ!, ਹਾਇ ਰੱਬਾ!, ਹਾਏ ਮਾਂ!, ਤੋਬਾ! ਆਦਿ।

4. *ਹੈਰਾਨੀ ਵਾਚਕ ਵਿਸਮਿਕ:* ਹੈਰਾਨੀਵਾਚਕ ਵਿਸਮਿਕ ਉਹ ਹੁੰਦੇ ਹਨ ਜੋ ਹੈਰਾਨੀ ਦਾ ਪ੍ਰਗਟਾਵਾ ਕਰਨ, ਜਿਵੇਂ: ਹੈਂ!, ਹਲਾ!, ਵਾਹ ਭਈ ਵਾਹ!, ਬੱਲੇ ਬੱਲੇ! ਆਦਿ।

5. *ਫਿਟਕਾਰ ਵਾਚਕ ਵਿਸਮਿਕ:* ਜੋ ਲਾਹਨਤ ਦੇ ਭਾਵਾਂ ਨੂੰ ਪ੍ਰਗਟ ਕਰਨ ਉਹ ਫਿਟਕਾਰ ਵਾਚਕ ਵਿਸਮਿਕ ਹੁੰਦੇ ਹਨ ਜਿਵੇਂ:ਦੁਰ!, ਧਿਕਾਰ!, ਫਿੱਟੇ ਮੂੰਹ !, ਬੇਸ਼ਰਮ!, ਰੱਬ ਦੀ ਮਾਰ ਪਵੇ!, ਲੱਖ ਲਾਹਨਤ! ਆਦਿ।

6. *ਸਤਿਕਾਰ ਵਾਚਕ ਵਿਸਮਿਕ:* ਜੋ ਕਿਸੇ ਲਈ ਆਦਰ-ਸਤਿਕਾਰ ਦੇ ਭਾਵਾਂ ਨੂੰ ਪ੍ਰਗਟਾਉਣ ਉਹ ਸਤਿਕਾਰ ਵਾਚਕ ਵਿਸਮਿਕ ਹੁੰਦੇ ਹਨ, ਉਦਾਹਰਣ ਦੇ ਤੌਰ 'ਤੇ ਆਓ ਜੀ!, ਜੀ ਆਇਆਂ!, ਆਵੋ ਜੀ!, ਧੰਨ ਭਾਗ!, ਕੀੜੀ ਘਰ ਭਗਵਾਨ! ਆਦਿ।

7. *ਅਸੀਸ ਵਾਚਕ ਵਿਸਮਿਕ:* ਕਿਸੇ ਲਈ ਅਸ਼ੀਰਵਾਦ ਦੇ ਭਾਵਾਂ ਨੂੰ ਪ੍ਰਗਟ ਕਰਨ ਉਹ ਅਸੀਸ ਵਾਚਕ ਵਿਸਮਿਕ ਹੁੰਦੇ ਹਨ, ਜਿਵੇਂ: ਸਾਈਂ ਜੀਵੇ!, ਖੁਸ਼ ਰਹੋ!, ਜੀਉਂਦੇ ਰਹੋ!, ਜੁਆਨੀਆਂ ਮਾਣੇਂ!, ਠੰਡੀ ਵਾ ਆਵੇ!, ਬੁੱਢ ਸੁਹਾਗਣ ਹੋਵੇਂ!, ਤੇਰਾ ਭਲਾ ਹੋਵੇ!, ਵਧੇਂ ਫੁੱਲੇਂ! ਆਦਿ।

8. *ਇੱਛਿਆ ਵਾਚਕ ਵਿਸਮਿਕ:* ਜੋ ਮਨ ਦੀ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਣ ਉਹ ਇੱਛਿਆ ਵਾਚਕ ਵਿਸਮਿਕ ਹੁੰਦੇ ਹਨ। ਉਦਾਹਰਣ ਵਜੋਂ: ਹੇ ਦਾਤਾ!, ਹੇ ਰੱਬਾ!, ਕਾਸ਼!, ਬਖ਼ਸ਼ ਲੈ!, ਆਦਿ।

9. *ਸੂਚਨਾ ਵਾਚਕ ਵਿਸਮਿਕ:* ਜੋ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਣ, ਉਹ ਸੂਚਨਾ ਵਾਚਕ ਵਿਸਮਿਕ ਹੁੰਦੇ ਹਨ, ਉਦਾਹਰਣ ਵਜੋਂ: ਸੁਣੋ!, ਹਟ ਜਾਓ!, ਹੈਂ!, ਖ਼ਬਰਦਾਰ!, ਠਹਿਰੋ!, ਵੇਖਣਾ!, ਵੇਖਿਓ! ਆਦਿ।

10.  *ਖੁਸ਼ੀ ਵਾਚਕ ਵਿਸਮਿਕ :* ਜਿਹੜੇ ਸ਼ਬਦ ਮਨ ਦੀ ਖੁਸ਼ੀ ਪ੍ਰਗਟ ਕਰਨ ਲਈ ਵਰਤੇ ਜਾਣ, ਉਹਨਾਂ ਨੂੰ ਖੁਸ਼ੀ ਵਾਚਕ ਵਿਸਮਿਕ ਆਖਦੇ ਹਨ। ਜਿਵੇਂ :  ਵਾਹ ਵਾ!, ਆਹਾ!, ਧੰਨ! ਆਦਿ।

No comments:

Post a Comment