Tuesday, December 29, 2020

ਕਿਰਿਆ

 ਕਿਰਿਆ (Verb)


     ਵਾਕ ਵਿੱਚ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਕੰਮ ਦਾ ਕਾਲ ਸਹਿਤ ਹੋਣ ਬਾਰੇ ਜਾਂ ਵਾਪਰਨ ਬਾਰੇ ਪਤਾ ਲੱਗੇ, ਕਿਰਿਆ ਅਖਵਾਉਂਦੇ ਹਨ; ਜਿਵੇਂ:


ਮੁੰਡਾ ਗੀਤ ਗਾ ਰਿਹਾ ਹੈ। 

ਮੋਹਨ ਸਕੂਲ ਜਾਂਦਾ ਹੈ। 

ਰਣਜੀਤ ਸਬਕ ਪੜ੍ਹਦਾ ਹੈ।

ਰਾਮ ਸਕੂਲ ਜਾਏਗਾ।


ਇਨ੍ਹਾਂ ਵਾਕਾਂ ਵਿੱਚ ਸ਼ਬਦ- ਗਾ ਰਿਹਾ ਹੈ, ਜਾਂਦਾ ਹੈ ,ਪੜ੍ਹਦਾ ਹੈ ਅਤੇ ਜਾਏਗਾ ਤੋਂ ਕੰਮ ਦੇ (ਕਾਲ ਸਹਿਤ) ਹੋਣ ਬਾਰੇ ਪਤਾ ਲੱਗਦਾ ਹੈ, ਸੋ ਅਜਿਹੇ ਸ਼ਬਦ ਹੀ ਕਿਰਿਆ ਹਨ।


ਪੰਜਾਬੀ ਵਾਕ-ਬਣਤਰ ਵਿੱਚ ਤਿੰਨ ਮੁਢਲੇ ਤੱਤ ਕਾਰਜਸ਼ੀਲ ਹੁੰਦੇ ਹਨ- ਕਰਤਾ, ਕਰਮ ਤੇ ਕਿਰਿਆ।


ਕਰਤਾ (Subject): ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ ਭਾਵ ਵਾਕ ਵਿੱਚ ਕਿਰਿਆ ਦਾ ਕਾਰਜ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ; ਜਿਵੇਂ: 'ਸੋਹਨ ਖੇਡ ਰਿਹਾ ਹੈ।'

ਵਾਕ ਵਿੱਚ 'ਸੋਹਨ' ਕਰਤਾ ਹੈ।


ਕਰਮ (Object): ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ, ਉਸ ਨੂੰ 'ਕਰਮ' ਕਿਹਾ ਜਾਂਦਾ ਹੈ; ਜਿਵੇਂ: 'ਲੜਕੇ ਨੇ ਗੀਤ ਗਾਇਆ' ਅਤੇ 'ਮੋਹਨ ਨੇ ਰੋਟੀ ਖਾਧੀ' ਵਾਕਾਂ ਵਿੱਚ 'ਗੀਤ' ਅਤੇ 'ਰੋਟੀ' ਕਰਮ ਹਨ।

ਕਈ ਵਾਕਾਂ ਵਿੱਚ ਦੋ ਕਰਮ ਵੀ ਹੁੰਦੇ ਹਨ, ਉਹਨਾਂ ਨੂੰ ਦੁਕਰਮਕ ਕਿਰਿਆ' ਕਿਹਾ ਜਾਂਦਾ ਹੈ; ਜਿਵੇਂ:


1. ਅਧਿਆਪਕ ਨੇ ਮੁੰਡੇ ਨੂੰ ਸੋਟੀ ਨਾਲ ਮਾਰਿਆ।

2. ਜਗਦੀਸ਼ ਨੇ ਹਰਬੰਸ ਨੂੰ ਚਿੱਠੀ ਲਿਖੀ।


ਇਹਨਾਂ ਦੋਨਾਂ ਵਾਕਾਂ ਵਿੱਚ ਦੋ ਕਰਮ ਹਨ। ਪਹਿਲੇ ਵਾਕ ਵਿੱਚ 'ਮੁੰਡਾ' ਤੇ 'ਸੋਟੀ' ਅਤੇ ਦੂਜੇ ਵਾਕ ਵਿੱਚ 'ਹਰਬੰਸ' ਤੇ 'ਚਿੱਠੀ'। ਇਹ ਕ੍ਰਮਵਾਰ ਪ੍ਰਧਾਨ-ਕਰਮ (Direct) ਅਤੇ ਅਪ੍ਰਧਾਨ-ਕਰਮ (Indirect) ਅਖਵਾਉਂਦੇ ਹਨ।

ਕਿਰਿਆ ਦੀਆਂ ਦੋ ਕਿਸਮਾਂ ਹਨ:

1. ਅਕਰਮਕ-ਕਿਰਿਆ (Intransitive Verb)

2. ਸਕਰਮਕ-ਕਿਰਿਆ (Transitive Verb)


1. ਅਕਰਮਕ ਕਿਰਿਆ (Intransitive Verb):


             ਅਕਰਮਕ ਤੋਂ ਭਾਵ ਹੈ 'ਕਰਮ ਤੋਂ ਬਿਨ੍ਹਾਂ'। ਵਾਕ ਵਿੱਚ ਜਿਸ ਕਿਰਿਆ ਦਾ ਕੇਵਲ ਕਰਤਾ ਹੀ ਹੋਵੇ ਜਾਂ ਜਿਸ ਕਿਰਿਆ ਦਾ ਕਾਰਜ ਉਸ ਦੇ ਕਰਤਾ ਤੱਕ ਹੀ ਸੀਮਿਤ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:


ਰਾਮ ਪੜ੍ਹਦਾ ਹੈ।

ਕੁੜੀ ਗਾਉਂਦੀ ਹੈ।

ਸੋਹਨ ਖੇਡਦਾ ਹੈ।


ਉਪਰੋਕਤ ਵਾਕਾਂ ਵਿੱਚ 'ਰਾਮ', 'ਕੁੜੀ' ਅਤੇ 'ਸੋਹਨ' ਕੇਵਲ ਕਰਤਾ ਹੀ ਹਨ ਅਤੇ ਇਨ੍ਹਾਂ ਵਾਕਾਂ ਵਿੱਚ ਕਰਮ ਦੀ ਅਣਹੋਂਦ ਹੈ। ਇਸ ਲਈ ਇਨ੍ਹਾਂ ਦੀਆਂ ਕਿਰਿਆਵਾਂ ਕ੍ਰਮਵਾਰ ਪੜ੍ਹਦਾ ਹੈ, ਗਾਉਂਦੀ ਹੈ, ਖੇਡਦਾ ਹੈ- ਅਕਰਮਕ ਕਿਰਿਆਵਾਂ ਹਨ।


ਅਕਰਮਕ-ਕਿਰਿਆ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ।


I) ਪੂਰਨ ਅਕਰਮਕ-ਕਿਰਿਆ

II) ਅਪੂਰਨ ਅਕਰਮਕ-ਕਿਰਿਆ 


I) ਪੂਰਨ ਅਕਰਮਕ-ਕਿਰਿਆ: ਜਿਹੜੀ ਅਕਰਮਕ-ਕਿਰਿਆ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਬਣਾ ਦੇਵੇ, ਉਸ ਨੂੰ ਪੂਰਨ ਅਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਸੁਰਿੰਦਰ ਸੌਂ ਗਿਆ, ਬੱਚਾ ਰੋਇਆ, ਕੁੱਤਾ ਭੌਂਕਿਆ।


ਇਨ੍ਹਾਂ ਵਾਕਾਂ ਵਿੱਚ ਸੁਰਿੰਦਰ, ਬੱਚਾ ਤੇ ਕੁੱਤਾ ਕਰਤਾ ਹਨ, ਸੌਂ ਗਿਆ, ਰੋਇਆ ਤੇ ਭੌਂਕਿਆ ਅਕਰਮਕ ਕਿਰਿਆਵਾਂ ਹਨ, ਪਰ ਵਾਕ ਸਾਰਥਕ ਹਨ।


II) ਅਪੂਰਨ ਅਕਰਮਕ-ਕਿਰਿਆ: ਜਿਹੜੀ ਅਕਰਮਕ-ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਅਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਰਾਜੂ ਹੋ ਗਿਆ ਹੈ।


ਉਪਰੋਕਤ ਵਾਕ ਵਿੱਚ ਕਰਤਾ ਅਤੇ ਅਕਰਮਕ-ਕਿਰਿਆ ਦੋਵੇਂ ਆਏ ਹਨ, ਪਰ ਫਿਰ ਵੀ ਵਾਕ ਅਧੂਰਾ ਅਤੇ ਅਪੂਰਨ ਹੈ, ਕਿਉਂ ਕਿ ਇਹ ਵਾਕ ਦਿਮਾਗ ਵਿੱਚ ਪ੍ਰਸ਼ਨਾਂ ਦੀ ਝੜੀ ਲਗਾ ਦਿੰਦਾ ਹੈ। ਇਸ ਲਈ ਇਹ ਅਪੂਰਨ ਅਕਰਮਕ-ਕਿਰਿਆ ਹੈ।



ਸਕਰਮਕ-ਕਿਰਿਆ (Transitive Verb):


ਸਕਰਮਕ ਤੋਂ ਭਾਵ ਹੈ 'ਕਰਮ ਸਹਿਤ'। ਵਾਕ ਵਿੱਚ ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:


     ਰਾਮ ਕਿਤਾਬ ਪੜ੍ਹਦਾ ਹੈ।

     ਕੁੜੀ ਗੀਤ ਗਾਉਂਦੀ ਹੈ।

     ਮੁੰਡਾ ਹਾਕੀ ਖੇਡਦਾ ਹੈ।


ਉਪਰੋਕਤ ਵਾਕਾਂ ਵਿੱਚ 'ਰਾਮ', 'ਕੁੜੀ' ਅਤੇ 'ਮੁੰਡਾ' ਕਰਤਾ ਨਾਲ ਤਰਤੀਬਵਾਰ ਕਿਤਾਬ, ਗੀਤ ਤੇ ਹਾਕੀ ਆਏ ਹਨ। ਇਸ ਲਈ ਇਨ੍ਹਾਂ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਮੌਜੂਦ ਹੋਣ ਕਾਰਨ ਇਹ ਸਕਰਮਕ-ਕਿਰਿਆਵਾਂ ਹਨ।


ਸਕਰਮਕ-ਕਿਰਿਆ ਵੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ।

I) ਪੂਰਨ ਸਕਰਮਕ-ਕਿਰਿਆ

II) ਅਪੂਰਨ ਸਕਰਮਕ-ਕਿਰਿਆ 


I) ਪੂਰਨ ਸਕਰਮਕ-ਕਿਰਿਆ: ਜਿਹੜੀ ਸਕਰਮਕ-ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਤੇ ਸਾਰਥਕ (ਅਰਥ-ਪੂਰਨ) ਵਾਕ ਬਣਾ ਦੇਵੇ, ਉਸ ਨੂੰ ਪੂਰਨ ਸਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ:


ਕੁੜੀਆਂ ਨੇ ਗਿੱਧਾ ਪਾਇਆ।

ਕਿਸਾਨਾਂ ਨੇ ਹਲ ਵਾਹੇ।


ਇਨ੍ਹਾਂ ਵਾਕਾਂ ਵਿੱਚ 'ਕੁੜੀਆਂ' ਤੇ 'ਕਿਸਾਨਾਂ' ਕਰਤਾ ਹਨ ਤੇ 'ਗਿੱਧਾ' ਤੇ 'ਹਲ' ਕਰਮ ਹਨ ਅਤੇ 'ਪਾਇਆ' ਤੇ 'ਵਾਹੇ' ਸਕਰਮਕ ਕਿਰਿਆਵਾਂ ਹਨ।


II) ਅਪੂਰਨ ਸਕਰਮਕ-ਕਿਰਿਆ: ਜਿਹੜੀ ਸਕਰਮਕ-ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਸਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ:


ਰਾਜੂ ਭੈਣ ਨੂੰ ਕਹਿਣ ਲੱਗਾ।

ਪਿਤਾ ਨੇ ਵੱਡੇ ਪੁੱਤਰ ਨੂੰ ਬਣਾ ਦਿੱਤਾ।


ਉਪਰੋਕਤ ਵਾਕਾਂ ਵਿੱਚ 'ਰਾਜੂ' ਅਤੇ 'ਪਿਤਾ' ਕਰਤਾ ਹਨ, 'ਭੈਣ' ਤੇ 'ਵੱਡਾ ਪੁੱਤਰ' ਕਰਮ ਹਨ ਅਤੇ 'ਕਹਿਣ ਲੱਗਾ' ਅਤੇ 'ਬਣਾ ਦਿੱਤਾ' ਕਿਰਿਆ ਹਨ, ਪਰ ਫਿਰ ਵੀ ਵਾਕ ਅਧੂਰਾ ਅਤੇ ਅਪੂਰਨ ਹੈ। ਇਸ ਲਈ ਇਹ ਅਪੂਰਨ ਸਕਰਮਕ-ਕਿਰਿਆ ਹੈ।


ਕਿਰਿਆ ਦੇ ਹੋਰ ਰੂਪ:

ਅਕਰਮਕ ਅਤੇ ਸਕਰਮਕ- ਕਿਰਿਆਵਾਂ ਤੋਂ ਇਲਾਵਾ ਕਿਰਿਆ ਦੇ ਹੋਰ ਰੂਪ ਵੀ ਮਿਲਦੇ ਹਨ; ਜਿਵੇਂ:


1. ਸੰਸਰਗੀ ਕਿਰਿਆ

2. ਸਹਾਇਕ ਕਿਰਿਆ

3. ਮੁੱਖ ਕਿਰਿਆ

ਸੰਸਰਗੀ ਕਿਰਿਆ: ਕਈ ਵਾਕਾਂ ਵਿੱਚ 'ਹੈ' ਜਾਂ 'ਸੀ' ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:


ਗੀਤਾ ਆਲਸੀ ਸੀ।

ਰਾਮ ਇੱਕ ਹੁਸ਼ਿਆਰ ਲੜਕਾ ਹੈ।


ਉਪਰੋਕਤ ਵਾਕਾਂ ਵਿੱਚ 'ਸੀ' ਅਤੇ 'ਹੈ' ਸੰਸਰਗੀ ਕਿਰਿਆ ਹਨ।


2. ਸਹਾਇਕ ਕਿਰਿਆ: ਜਦੋਂ 'ਹੈ' , 'ਸੀ' ਤੇ ਇਨ੍ਹਾਂ ਦੇ ਹੋਰ ਰੂਪ ਸਕਦਾ, ਚਾਹੀਦਾ- ਅਕਰਮਕ ਅਤੇ ਸਕਰਮਕ- ਨਾਲ ਮਿਲ ਕੇ ਕਿਰਿਆ ਦਾ ਕੰਮ ਕਰਨ ਤਾਂ ਉਨ੍ਹਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:


ਮੈਂ ਭਾਸ਼ਣ ਦੇ ਸਕਦਾ ਹਾਂ।

ਤੁਹਾਨੂੰ ਭਾਸ਼ਣ ਦੇਣਾ ਚਾਹੀਦਾ ਹੈ।


ਉਪਰੋਕਤ ਵਾਕਾਂ ਵਿੱਚ 'ਸਕਦਾ ਹਾਂ' ਅਤੇ 'ਚਾਹੀਦਾ ਹੈ' ਸਹਾਇਕ ਕਿਰਿਆ ਹਨ।


3. ਮੁੱਖ ਕਿਰਿਆ: ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨ੍ਹਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ; ਜਿਵੇਂ:


ਮੈਂ ਸਭ ਕਿਤਾਬਾਂ ਰੱਖਦਾ ਹਾਂ।

ਇਸ ਵਾਕ ਵਿੱਚ 'ਰੱਖਦਾ ਹਾਂ' ਮੁੱਖ ਕਿਰਿਆ ਹੈ।

Sunday, January 13, 2019

ਲੋਹੜੀ

*ਲੋਹੜੀ*


ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਜੁੜਿਆ ਹੋਇਆ ਹੈ।

ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਡਾਕੂ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ।

ਇੱਕ ਹੋਰ ਦੰਤ-ਕਥਾ ਅਨੁਸਾਰ:
ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ।

ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜਿੰਮੇਵਾਰੀ ਲੈ ਲਈ ਅਤੇ ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ,"ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ।

ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ।

ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।"

 ਇਸ ਕਰਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।

ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿਚਾਰ ਹੋ!

ਦੁੱਲਾ ਭੱਟੀ ਵਾਲਾ ਹੋ!
ਦੁੱਲੇ ਨੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਗਿਣ ਗਿਣ ਪੌਲੇ ਲਾਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ 'ਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
'ਤੇ ਤੇਰੀ ਜੀਵੇ ਜੋੜੀ!

ਲੋਹੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ...!!!

Friday, July 20, 2018

ਜੰਡ

*ਜੰਡ*


ਜੰਡ ਦੇ ਰੁਖ ਦੀ ਪੂਜਾ ਸਦੀਆਂ ਤੋਂ ਹੁੰਦੀ ਆ ਰਹੀ ਹੈ ਇਸਦਾ ਜਿਕਰ ਰਮਾਇਣ ਤੇ ਮਹਾਂਭਾਰਤ ਵਿਚ ਆਉਂਦਾ ਹੈ। 1730 'ਚ ਜੋਧਪੁਰ ਦਾ ਰਾਜਾ ਜੰਡ ਦੇ ਰੁੱਖ ਕਟਣਾ ਚਾਹੁੰਦਾ ਸੀ ਪਰ ਬਿਸ਼ਨੋਈ ਭਾਈਚਾਰੇ ਦੇ ਵਿਰੋਧ ਕਰਨ ਤੇ ਉਸਦੇ  363 ਲੋਕਾਂ ਨੂੰ ਜਾਨ ਦੇਣੀ ਪਈ ਪਰ ਰੁੱਖ ਨਾ ਵਢਣ ਦਿਤੇ। ਪੀਲੂ ਸ਼ਾਹ ਦੀ ਰਚਨਾ ਵਿਚ ਜੰਡ ਦਾ ਵੇਰਵਾ ਆਉਂਦਾ ਹੈ। ਕੁਝ ਇਲਾਕਿਆਂ ਵਿਚ ਦੁਸਹਿਰੇ ਵਾਲੇ ਦਿਨ ਜੰਡ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਨੂੰ ਸਾੜਨ ਤੋਂ ਬਾਅਦ ਜੰਡ ਦੀ ਲੱਕੜ ਜਾਂ ਪੱਤੇ ਘਰ ਲਿਆਉਣ ਨੂੰ ਚੰਗਾ ਸਮਝਿਆ ਜਾਂਦਾ ਹੈ।


*ਵਹਿਮਾਂ ਭਰਮਾਂ ਦੇ ਚੱਕਰ ਵਿੱਚ ਜੰਡ ਨੂੰ ਵੱਢਣਾ*

ਪੰਜਾਬ ਵਿਚ ਕਈ ਜਗ੍ਹਾ ਬਰਾਤ ਚੜਨ ਤੋਂ ਪਹਿਲਾਂ ਲਾੜੇ ਕੋਲੋਂ ਕਿਰਪਾਨ ਨਾਲ ਜੰਡ ਵਢਾਈ ਜਾਂਦੀ ਹੈ। ਇਸਦਾ ਕਾਰਨ ਮਿਰਜੇ ਤੇ ਸਾਹਿਬਾਂ ਦੀ ਜੰਡ ਹੇਠ ਹੋਈ ਮੌਤ ਨੂੰ ਸਮਝਿਆ ਜਾਂਦਾ ਹੈ। ਲੋਕ ਜੰਡ ਨੂੰ ਪਿਆਰ ਦੇ ਰਸਤੇ ਵਿਚ ਰੁਕਾਵਟ ਸਮਝਦੇ ਹਨ। ਲੋਕ ਇਹ ਵੀ ਸਮਝਦੇ ਹਨ ਕਿ ਜੰਡ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ ਸੁਹਾਗਣਾਂ ਦੇ ਸੁਹਾਗ ਉਜਾੜਦਾ ਹੈ। ਇਸ ਤੋਂ ਇਲਾਵਾ ਡਾਕੂਆਂ ਵਲੋਂ ਰਾਹਾਂ ਵਿਚ ਡੋਲੀਆਂ ਲੁੱਟੀਆਂ ਜਾਂਦੀਆਂ ਸਨ ਜਿਸ ਕਰਕੇ ਲਾੜਾ ਹੱਥ ਵਿਚ ਤਲਵਾਰ ਲੈ ਕਿ ਜਾਂਦਾ ਸੀ। ਜੰਡ ਦੀ ਲਕੜ ਮਜਬੂਤ ਗਿਣੀ ਜਾਂਦੀ ਹੈ ਤੇ ਤਲਵਾਰ ਜੰਡ ਤੇ ਮਾਰ ਕੇ ਪਰਖੀ ਜਾਂਦੀ ਸੀ ਤਾਂ ਕਿ ਲੋੜ ਪੈਣ ਤੇ ਤਲਵਾਰ ਧੋਖਾ ਨਾ ਦੇ ਦੇਵੇ। ਪਰ ਅਜੇ ਵੀ ਕੁਝ ਥਾਵਾਂ ਤੇ ਲੋਕ ਜੰਡ ਨੂੰ ਵਹਿਮਾਂ ਭਰਮਾਂ ਦੇ ਚੱਕਰ ਵਿੱਚ
ਵਢਦੇ ਹਨ।
ਪੰਜਾਬ ਤੇ ਰਾਜਸਥਾਨ ਵਿਚ ਮੁੰਡਾ ਜੰਮਣ ਜਾਂ ਵਿਆਹ ਦੀ ਖੁਸ਼ੀ ਵਿਚ ਜੰਡ ਦੇ ਰੁਖ ਨੂੰ ਲੱਖਾਂ ਲੀਟਰ ਦੁੱਧ, ਲਸੀ, ਤੇਲ ਪਾਇਆ ਜਾਂਦਾ ਹੈ ਜਿਸ ਨਾਲ ਰੁੱਖ ਸੁੱਕ ਜਾਂਦੇ ਹਨ।

ਅੱਜ ਜ਼ਰੂਰਤ ਹੈ ਫਿਰ ਪੰਜਾਬ ਅੰਦਰ ਜੰਡ ਦੇ ਰੁੱਖ ਲਾਉਣ ਦੀ, ਕਿਉਂਕਿ ਇਸ ਰੁੱਖ ਨੂੰ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈ। ਲੱਗ ਵੀ ਜਲਦੀ ਜਾਂਦਾ ਹੈ। ਚਲੋ ਵਹਿਮਾਂ ਭਰਮਾਂ ਨੂੰ ਛੱਡ ਕੇ, ਇਸ ਸਾਉਣ ਦੇ ਮਹੀਨੇ ਵਿੱਚ ਜੰਡ ਦੇ ਰੁੱਖ ਲਾਈਏ ਤੇ ਪੰਜਾਬ ਨੂੰ ਹਰਾ ਭਰਾ ਬਣਾਈਏ।

Saturday, July 7, 2018

ਅਲੋਪ ਸ਼ਬਦ

ਆਉ ਤੁਹਾਨੂੰ ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਦੱਸੀਏ। ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ। ਅੱਜ ਇਹਨਾਂ ਦੀ ਅੰਗਰੇਜ਼ੀ ਸੁਣਕੇ ਤੁਹਾਨੂੰ ਵੀ ਵਧੀਆ ਲੱਗੇਗਾ।
ਜੂਤ ਪਤਾਣ - scufle with shoes,   ਲੁੱਚ ਘੜਿੱਚੀਆਂ- trickery, ਖੇਖਣ - pretence, ਫੱਫੇਕੁੱਟਣੀ- cunning, ਧਮੱਚੜ -frolic,  ਧੂਮਧੜੱਕਾ-bustle,  ਐਡਾ -so much of this,  ਐਵੇਂ -purposelessly ,  ਯੱਕੜ ਵੱਢਣਾ- gossip, ਹੱਥ ਪੜੱਥੀ- collectively,  ਹਰਲ ਹਰਲ -excited activity,  ਹਫੜਾ ਦਫੜੀ - stampede,  ਹੱਕਾ ਬੱਕਾ - taken aback, ਰੰਡੀ ਰੋਣਾ- constant whimpering,  ਵਿੰਗ ਤੜਿੰਗਾ- crooked,  ਵਿਰਲਾ ਵਾਂਝਾ-  exceptional,  ਲੰਡੀ ਬੁੱਚੀ -every tom,  ਲੱਲੂ ਪੰਜੂ- any tom,  ਲਾਹ ਪਾਹ ਕਰਨੀ- vituperate,  ਮੈਲੀ ਅੱਖ- lascivious look,  ਵਲਫੇਰ- pettifogery, ਲਾਗਾਬੰਨਾ-surroundings, ਨਵਾਂ ਨਕੋਰ -brand new,  ਗਿੱਦੜ ਭਬਕੀ - bluster,  ਕਾਵਾਂ ਰੌਲੀ - clamour, ਕਚਿਆਣ ਆਉਣੀ - feel nausea,  ਕੁਰਬਲ ਕੁਰਬਲ ਕਰਨਾ - to mill around,  ਕਾਣੋਂ - obliquity,  ਖੱਚ ਦੀ ਖੱਚ- meanest of the mean,  ਕੁੜ ਕੁੜ ਕਰਨੀ - to cackle,  ਫੋਕਾ ਡਰਾਵਾ - bluster, ਮਰਨੇ ਪਰਨੇ- customery social functions,  ਖੇਚਲ- inconvenience, ਫਾਨਾ - wedge,   ਫਰੋਲਾ ਫਰਾਲੀ - rummage, ਨਿੱਮੋਝੂਣਾ- crest fallen,  ਝਕਦੇ ਝਕਦੇ- reluctantly,  ਚੁਰੜ ਮੁਰੜ - crumpled,  ਕੱਚ ਘਰੜ - ill trained,  ਭੰਬਲਭੂਸੇ -bewilderment, ਕਚੀਚੀ ਵੱਟਣੀ - to gnash,  ਕਚੂਮਰ ਕੱਢਣਾ - crush thoroughly, ਝੂੰਗਾ -bonus,  ਚਿੱਬ ਖੜਿੱਬਾ- crooked,  ਚੱਪਾ ਕੁ - just a bit,  ਛਾਹ ਵੇਲਾ- break fast time, ਕੋੜਕੂ- odd fellow,  ਖੁੰਢ- uneven tree trunk,  ਖਰੇਪੜ- scale,  ਖੁਤਖੁਤੀ - tickle,  ਖਰੀਂਢ -scab,  ਤੰਗੜ - Orion's belt,  ਘੁਣਖਾਧਾ- worm eaten,  ਕੱਖ ਭਰ - very little, ਥੱਬੀ - pile,  ਥਹੀ ਲਾਉਣੀ - to pile up, ਦਬਕਾ- verbal threat,  ਝੱਟ ਟਪਾਉਣਾ -to scrape a living,  ਘਰਕਣਾ - pant,  ਅੱਧੋਰਾਣਾ- part worn, ਅੱਧੜਵੰਜਾ-Half naked, ਫਲਾਣਾ- such and such, ਫਲਾਣਾ-ਢਿਮਕਾ-dick or Harry,  ਆਹਰ ਪਾਹਰ- arrangements, ਆਂਢਾ ਸਾਂਢਾ -secret alliance, ਉੱਘੜ ਦੁੱਘੜ -helter skelter, ਉਤੋੜਿੱਤੀ-successively, ਉਧੇੜਬੁਣ-perplexity, ਉੂਭੜ ਖਾਭੜ-uneven, ਉੱਭੇ ਸਾਹੀਂ-sobbingly, ਉਰਲ-ਪਰਲ- odds and ends, ਉਰਲਾ ਪਰਲਾ-miscellaneous, ਉੱਲਰਨਾ-to lean, ਉੱਲੂ ਬਾਟਾ-silly, ਓਦਣ-on that day, ਉਵੇਂ-in that way, ਓਹੜ ਪੋਹੜ ਜਾਂ ਜੁਗਾੜ ਕਰਨਾ-unprofessional remedy, ਬੌਂਕੇ ਦਿਹਾੜੇ-hard times, ਬਚਿਆ ਖੁਚਿਆ-leftovers, ਪਾਂ ਪੈਣੀ-suppurate, ਕਿਆਰਾ - plot,  ਕੂਚੀ -soft brush, ਟਿੱਬਾ-mound,  ਟਿੱਬੀ-small dune, ਟੋਕਰਾ-wicker basket, ਟੋਕਰੀ-frail, ਟੋਕਾ-choper,  ਬੱਠਲ- trough, ਚੁਬੱਚਾ-masonary trough,  ਟਿੱਲਾ-hillock, ਬਨੇਰਾ -battlement, ਅੱਧ ਪਚੱਧ-nearly half, ਅਰੜਾਉਣਾ- to blubber, ਆਕੜਨਾ- to stifen, ਅਕੜੇਵਾਂ -uppishness, ਢਿੱਡਲ -pot bellied,  ਅਕਲ ਦਾ ਅੰਨਾ-  muddle headed,  ਲੱਠਾ -long cloth, ਘਚੋਲਣਾ - foul up,  ਮੱਥਾ ਠਣਕਣਾ -feel suspicion , ਫੌੜੀ -crutch, ਮਸਾਂ ਮਸਾਂ -With great difficulty,  ਹਮਾਤੜ- poor me,  ਹੰਘਾਲਣਾ- to ringe,  ਕਮਲ ਕੁੱਟਣਾ - to act foolishly,  ਕਿਰਕਿਰਾ- gritty, ਢਿੱਲੜ - sluggish, ਦਰੜਨਾ - crush, ਨਾਗਾ ਪਾਉਣਾ - omit a routine, ਧੂੰਆਂ ਧਾਰ ਭਾਸ਼ਣ -high flown speech, ਕਾਣੀ ਵੰਡ -mal distribution, ਵਾਂਢੇ ਜਾਣਾ -to go away,  ਪੰਡ- bale,  ਭਾਂਡਾ ਟੀਂਡਾ - kitchen ware, ਬਰੜਾਉਣਾ -mumble, ਬਿੰਦ ਝੱਟ -a short while,  ਬੁੱਕਲ ਮਾਰਨੀ - to wear a wrapper,  ਭਸੂੜੀ ਪਾਉਣੀ -to raise trouble, ਝੱਖੜ ਝੋਲਾ- rain storm,  ਟਾਵਾਂ ਟੱਲਾ - very few,  ਤਾਬੜਤੋੜ -willful force, ਰੇੜਕਾ -a long drown wrangle,  ਰੀਂ ਰੀਂ ਕਰਨਾ- whimper,  ਰੁੱਗ ਭਰਨਾ -clutch,  ਅੱਜ ਭਲਕ -any day now,  ਇੱਕਮਿੱਕ -completely united,  ਏਦੂੰ -from this,  ਸਣੇ- along with,  ਨੰਗ ਧੜੰਗਾ - stark naked,  ਦਗਦਗ ਕਰਦਾ -glimmering,  ਟਿੱਲ ਲਾਉਣਾ -try hard,  ਝਾਕਾ ਖੁਲਣਾ- to become familiar,  ਟਾਲ-ਮਟੋਲ -dilly dallying, ਘੁਸਮੁਸਾ- dusky,  ਘੁੱਪ ਹਨੇਰਾ -pitch dark,  ਝਰਨਾਟ-  quiver,  ਬੁੜਬੁੜਾਹਟ- mumbo-jumbo,  ਹਮਾਤੜ ਤੁਮਾਤੜ ਵਰਗੇ - the likes of us, ਬੂੰਡਾ ਚੁੱਕੀ ਫਿਰਨਾ -to cock around,  ਜਵਾਂ ਹੌਲੀ- dead slow.😊ਇਸ ਤਰਾਂ ਦੇ ਅਨੇਕਾਂ ਹੀ ਸ਼ਬਦ ਅਪਣੀ ਦੇਸੀ ਪਰ ਪਿਆਰੀ ਪੰਜਾਬੀ ਬੋਲੀ ਦੇ ਸ਼ਬਦ ਅੱਜਕਲ ਹੋਰ ਭਾਸ਼ਾਵਾਂ ਦੇ ਪ੍ਰਭਾਵ ਕਰਕੇ ਅਲੋਪ ਹੁੰਦੇ ਜਾ ਰਹੇ ਹਨ। ਜੇ ਤੁਹਾਡੇ ਘਰ ਕਾਨਵੈਂਟ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਹਨ ਤਾਂ ਅਜਿਹੇ ਸ਼ਬਦਾਂ ਦੇ ਉਹਨਾਂ ਤੋਂ ਅਰਥ ਪੁੱਛੋ। ਫਿਰ ਦੇਖਣਾ ਕਿ ਉਹ  ਕਿੰਨਿਆਂ ਕੁ ਅਪਣੇ ਖਾਨਦਾਨੀ ਸ਼ਬਦਾਂ ਤੋਂ ਜਾਣੂੰ ਹਨ। ਜੇ ਤੁਸੀਂ ਵੀ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਅਪਣੇ ਬੱਚਿਆਂ ਨੂੰ ਵੀ ਅਜਿਹੇ ਰਵਾਇਤੀ ਤੇ ਅਸਲ ਠੇਠ ਪੰਜਾਬੀ ਦੇ ਸ਼ਬਦ ਜ਼ਰੂਰ ਸਿਖਾਉ। ਅੱਜ ਦੇ ਮਾਡਰਨ ਛੋਟੇ ਬੱਚਿਆਂ ਦੇ ਮੂੰਹੋਂ ਅਪਣੇ ਬਜ਼ੁਰਗਾਂ ਵਾਲੀ ਦੇਸੀ ਪੰਜਾਬੀ ਤੁਹਾਨੂੰ ਵੀ ਬਹੁਤ ਪਿਆਰੀ ਲੱਗੇਗੀ।
ਡਾ ਬਲਰਾਜ ਬੈਂਸ

Monday, June 25, 2018

ਕਲਾਤਮਿਕ ਰੁਚੀ
ਡਾ. ਦਵਿੰਦਰ ਸੈਫ਼ੀ

1 ਭਾਸ਼ਾਗਤ ਬੁੱਧੀ
Linguistic intelligence
(Word smart)

2 ਤਾਰਕਿਕ ਗਣਿਤਕ ਬੁੱਧੀ
Logical-mathematical intelligence
(Number smart)

3 ਦ੍ਰਿਸ਼ਤੀਗਤ ਸਪੇਸਗਤ ਬੁੱਧੀ
Spatial intelligence
Picture smart

4 ਸੰਗੀਤਕ ਰੁਚੀ
Musical intelligence
(Music smart)

5 ਸਰੀਰਗਤ  ਬੁੱਧੀ
Bodily-Kinesthetic intelligence
(Body smart)

6 ਤਾਲਮੇਲ ਬੁੱਧੀ
Interpersonal intelligence
(People smart)

7 ਸਵੇਮੁਖੀ ਬੁੱਧੀ
Interpersonal intelligence
(Self smart)

8 ਪਾਕ੍ਰਿਤੀ ਬੁੱਧੀ
Naturalistic intelligence
(Nature smart)

Friday, March 9, 2018

ਊੜਾ


ਊੜਾ
ਪੰਜਾਬੀ ਪੈਂਤੀ ਦਾ ਪਹਿਲਾ ਅੱਖਰ ਹੈ।
ਇਸ ਨੂੰ ਬੋਲਣ ਸਮੇਂ ਹੋਠਾਂ ਤੋਂ ਕੰਮ ਲਿਆ ਜਾਂਦਾ ਹੈ।
 ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ। ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।